....

Thursday, March 15, 2012

ਝੰਡੀਆਂ ਵਾਲੀਆਂ ਕਾਰਾਂ ਲੈ ਕੇ ਮੰਤਰੀ ਹਲਕਿਆਂ ਨੂੰ ਪਰਤੇ

ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਤੇ ਸਰਵਣ ਸਿੰਘ ਫਿਲੌਰ ਦਾ ਹਲਕਿਆਂ ਵਿੱਚ ਪੁੱਜਣ

’ਤੇ ਨਿੱਘਾ ਸਵਾਗਤ

ਨਿੱਜੀ ਪੱਤਰ ਪ੍ਰੇਰਕ
ਜਲੰਧਰ, 15 ਮਾਰਚ
ਜਲੰਧਰ ਵਿਖੇ ਪੰਜਾਬ ਪੁਲੀਸ ਵੱਲੋਂ ਪੰਜਾਬ ਭਾਜਪਾ ਵਿਧਾਇਕ ਦਲ ਦੇ ਨੇਤਾ ਭਗਤ ਚੁੰਨੀ ਨੂੰ ‘ਗਾਰਡ ਆਫ ਆਨਰ’ ਦਿੱਤੇ ਜਾਣ ਦਾ ਦ੍ਰਿਸ਼ (ਫੋਟੋ: ਮਲਕੀਅਤ ਸਿੰਘ)
ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਮੁੜ ਹੋਂਦ ’ਚ ਆਉਣ ਤੋਂ ਬਾਅਦ ਨਵੇਂ ਬਣਾਏ ਗਏ ਮੰਤਰੀ ਝੰਡੀਆਂ ਵਾਲੀਆਂ ਕਾਰਾਂ ਲੈ ਕੇ ਆਪੋ-ਆਪਣੇ ਹਲਕਿਆਂ ਨੂੰ ਪਰਤ ਆਏ ਹਨ। ਚੋਣ ਜ਼ਾਬਤੇ ਹਟਣ ਤੋਂ ਬਾਅਦ ਸ਼ਹਿਰ ਵਿੱਚ ਮੰਤਰੀਆਂ ਦੀਆਂ ਹੂਟਰ ਮਾਰਦੀਆਂ ਕਾਰਾਂ ਤੇ ਜਿਪਸੀਆਂ ਮੁੜ ਗੰੂਜਣ ਲੱਗ ਪਈਆਂ ਹਨ। ਸਰਕਾਰ ’ਚ ਤੀਜੇ ਅਤੇ ਚੌਥੇ ਨੰਬਰ ’ਤੇ ਬਣਾਏ ਗਏ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਅਤੇ ਸਰਬਣ ਸਿੰਘ ਫਿਲੌਰ ਦਾ ਆਪੋ-ਆਪਣੇ ਹਲਕਿਆਂ ਵਿੱਚ ਪਹੁੰਚਣ ’ਤੇ ਪਾਰਟੀ ਵਰਕਰਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਮੰਤਰੀਆਂ ਦੇ ਪਹੁੰਚਣ ਨਾਲ ਪੱਬਾਂ ਭਾਰ ਹੋਏ ਪਾਰਟੀ ਵਰਕਰ ਜੋਸ਼ ਵਿੱਚ ਸਰਕਾਰ ਤੇ ਮੰਤਰੀਆਂ ਦੇ ਹੱਕ ਵਿੱਚ ਨਾਅਰੇ ਮਾਰਦੇ ਰਹੇ। ਉਨ੍ਹਾਂ ਨੇ ਆਪਣੇ ਆਗੂਆਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ।
ਚੁੰਨੀ ਲਾਲ ਭਗਤ ਦਾ ਪੰਜਾਬ ਮੰਤਰੀ ਮੰਡਲ ਵਿੱਚ ਕੈਬਨਿਟ ਮੰਤਰੀ ਵਜੋਂ ਸ਼ਾਮਲ ਹੋਣ ਅਤੇ ਪੰਜਾਬ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਸ਼ਹਿਰ ਜਲੰਧਰ ਪਹੁੰਚਣ ’ਤੇ ਸੈਂਕੜੇ ਅਕਾਲੀ-ਭਾਜਪਾ ਵਰਕਰਾਂ ਅਤੇ ਸ਼ਹਿਰ ਵਾਸੀਆਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ ਸਥਾਨਕ ਸਰਕਟ ਹਾਊਸ ’ਚ ਪਹੁੰਚਣ ’ਤੇ ‘ਗਾਰਡ ਆਫ ਆਨਰ’ ਦਿੱਤਾ ਗਿਆ।
ਇਸ ਮੌਕੇ ਵਿਧਾਇਕ ਮਨੋਰੰਜਨ ਕਾਲੀਆ ਅਤੇ ਕੇ.ਡੀ. ਭੰਡਾਰੀ, ਮੇਅਰ ਰਾਕੇਸ਼ ਰਾਠੌਰ, ਮਹਿੰਦਰ ਭਗਤ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਡਿਪਟੀ ਕਮਿਸ਼ਨਰ (ਪੁਲੀਸ) ਤੁਲਸੀ ਰਾਮ, ਵਧੀਕ ਡਿਪਟੀ ਕਮਿਸ਼ਨਰ ਪ੍ਰਨੀਤ ਭਾਰਦਵਾਜ, ਕਮਿਸ਼ਨਰ ਨਗਰ ਨਿਗਮ ਬੀ.ਐੱਸ. ਧਾਲੀਵਾਲ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਕਰਨੈਲ ਸਿੰਘ, ਸਿਵਲ ਸਰਜਨ ਜਲੰਧਰ ਅਵਤਾਰ ਸਿੰਘ, ਐਸ.ਡੀ.ਐਮ ਇਕਬਾਲ ਸਿੰਘ ਸੰਧੂ ਨੇ ਉਨ੍ਹਾਂ ਨੂੰ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ।
ਇਸ ਮੌਕੇ ਚੁੰਨੀ ਲਾਲ ਭਗਤ ਨੇ ਬੀਤੇ ਪੰਜ ਸਾਲਾਂ ਦੌਰਾਨ ਆਪਣੀ ਸਰਕਾਰ ਸਮੇਂ ਸੂਬੇ ਦੇ ਕਰਾਏ ਗਏ ਇਤਿਹਾਸਿਕ ਵਿਕਾਸ, ਅਮਨ-ਸ਼ਾਂਤੀ ਦੀ ਬਹਾਲੀ ਅਤੇ ਹੋਰ ਵੱਖ-ਵੱਖ ਖੇਤਰਾਂ ਵਿੱਚ ਕੀਤੇ ਗਏ ਕੰਮਾਂ ਦੀ ਪ੍ਰੋੜਤਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਜਨੀਤੀ  ਵਿੱਚ ਉਸਾਰੂ ਤਬਦੀਲੀ ਆਈ ਹੈ ਅਤੇ ਪੰਜ ਸਾਲ ਬਾਅਦ ਸੱਤਾ ਤਬਦੀਲੀ ਦਾ ਰੁਝਾਨ ਹੁਣ ਖਤਮ ਹੋ ਚੁੱਕਾ ਹੈ।
ਇਸੇ ਤਰ੍ਹਾਂ ਕੈਬਨਿਟ ਮੰਤਰੀ ਸਰਵਣ ਸਿੰਘ ਫਿਲੌਰ ਨੇ ਕਰਤਾਰਪੁਰ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਹਲਕੇ ਦੇ ਲੋਕਾਂ ਦੇ ਰਿਣੀ ਰਹਿਣਗੇ ਜਿਨ੍ਹਾਂ ਨੇ ਉਨ੍ਹਾਂ ਨੂੰ ਚੁਣ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਕਰਤਾਰਪੁਰ ਨੂੰ ਸੂਬੇ ਦਾ ਮੋਹਰੀ ਹਲਕਾ ਬਣਾਉਣਗੇ ਅਤੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਵਾਉਣਗੇ। ਇਸ ਮੌਕੇ  ਸਰਕਲ ਪ੍ਰਧਾਨ ਦਿਹਾਤੀ ਰਜਿੰਦਰ ਸਿੰਘ ਨਾਗਰਾ, ਗੁਰਦੀਪ ਸਿੰਘ ਨਾਗਰਾ, ਹਰਬੰਸ ਸਿੰਘ ਬੁਲੀਨਾ ਅਤੇ ਹੋਰ ਅਕਾਲੀ ਭਾਜਪਾ ਆਗੂ ਹਾਜ਼ਰ ਸਨ।

No comments:

Post a Comment