ਬਠਿੰਡਾ/17 ਮਾਰਚ/ ਬੀ ਐਸ ਭੁੱਲਰ
ਸਿੱਖਾਂ ’ਚ ਜਜ਼ਬੇ ਦੀ ਕਮੀ ਨਹੀਂ, ਲੇਕਿਨ ਅਫਸੋਸਨਾਕ ਪਹਿਲੂ ਇਹ ਹੈ ਕਿ ਸਿੱਖ
ਸਿਆਸੀ ਲੀਡਰਸਿਪ ਉਹਨਾਂ ਦੀਆਂ ਭਾਵਨਾਵਾਂ ਨੂੰ ਕੌਮ ਦੇ ਹਿਤਾਂ ਲਈ ਇਸਤੇਮਾਲ ਕਰਨ ਦੇ ਉਲਟ
ਇਸ ਲਈ ਦਬਾਉਣ ਵਿੱਚ ਲੱਗੀ ਹੋਈ ਹੈ, ਕਿਉਂਕਿ ਉਹ ਆਰ ਐਸ ਐਸ ਦੀ ਗੁਲਾਮੀ ਪ੍ਰਵਾਨ ਕਰ
ਚੁੱਕੀ ਹੈ। ਇਹ ਦੋਸ ਉਘੇ ਸਿੱਖ ਪ੍ਰਚਾਰਕ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਲਾਇਆ।
ਫਾਂਸੀ ਦੀ ਉਡੀਕ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨਾਲ ਪਟਿਆਲਾ ਜੇਲ੍ਹ ਵਿਖੇ
ਕੱਲ੍ਹ ਮੁਲਾਕਾਤ ਕਰਨ ਤੋਂ ਬਾਅਦ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ
ਸੰਤ ਦਾਦੂਵਾਲ ਨੇ ਦਾਅਵਾ ਕੀਤਾ ਕਿ ਜਿਉਂ ਜਿਉਂ ਫਾਂਸੀ ਵਾਲਾ 31 ਮਾਰਚ ਦਾ ਦਿਨ ਨੇੜੇ ਆ
ਰਿਹੈ, ਤਿਉਂ ਤਿਉਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਨਾਲ ਸਬੰਧਤ ਸ੍ਰ:
ਰਾਜੋਆਣਾ ਪਹਿਲਾਂ ਤੋਂ ਵੀ ਵੱਧ ਚੜ੍ਹਦੀ ਕਲਾ ਵਿੱਚ ਆ ਰਿਹੈ।
ਮੁਲਾਕਾਤ ਦੇ ਵੇਰਵੇ ਦਿੰਦਿਆਂ ਸੰਤ ਦਾਦੂਵਾਲ ਨੇ ਕਿਹਾ ਕਿ ਰਾਜੋਆਣਾ ਨੇ ਇਸ
ਲਈ ਕਿਸੇ ਕਿਸਮ ਦੀ ਕਾਨੂੰਨੀ ਸਹਾਇਤਾ ਦੀ ਪੇਸਕਸ ਪ੍ਰਵਾਨ ਨਹੀਂ ਕੀਤੀ, ਕਿਉਂਕਿ ਉਸਦੀ ਇਹ
ਸਮਝ ਬਣ ਚੁੱਕੀ ਹੈ ਕਿ ਭਾਰਤ ਵਿੱਚ ਘੱਟ ਗਿਣਤੀਆਂ ਅਤੇ ਬਹੁ ਗਿਣਤੀਆਂ ਲਈ ਵੱਖੋ ਵੱਖਰੇ
ਕਾਨੂੰਨ ਹਨ। ਉਹਨਾਂ ਕਿਹਾ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੇਸ ਭਰ ਵਿੱਚ ਹੋਏ
ਸਿੱਖ ਕਤਲੇਆਮ ਦੇ ਦੋਸੀ ਦਨ ਦਨਾਉਂਦੇ ਫਿਰਦੇ ਹਨ, ਜਦ ਕਿ ਘੱਟ ਗਿਣਤੀਆਂ ਨਾਲ ਸਬੰਧਤ
ਨੌਜਵਾਨਾਂ ਨੂੰ ਫਾਂਸੀ ਦੇ ਤਖਤਿਆਂ ਤੇ ਲਟਕਾਇਆ ਜਾ ਰਿਹੈ।
ਸੰਤ ਦਾਦੂਵਾਲ ਨੇ ਦੱਸਿਆ ਕਿ ਸ੍ਰੀ ਰਾਜੋਆਣਾ ਨੇ ਉਹਨਾਂ ਵੱਲੋਂ ਕੀਤੀ ਇਸ
ਪੇਸਕਸ ਕਿ ਉਹਨਾਂ ਦੀ ਕੀਮਤੀ ਜਾਨ ਸਿੱਖਾਂ ਲਈ ਅਹਿਮ ਹੋਣ ਕਾਰਨ ਵੱਖ ਵੱਖ ਸਿੱਖ
ਸੰਸਥਾਵਾਂ ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਕਾਨੂੰਨੀ ਚਾਰਾਜੋਈ ਕਰਨ ਲਈ ਤਤਪਰ ਹਨ, ਇਹ
ਕਹਿੰਦਿਆਂ ਠੁਕਰਾ ਦਿੱਤੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦੇ ਕਿਤੇ ਵੱਧ
ਅਹਿਮੀਅਤ ਰਖਦੇ ਸਨ, ਇਸ ਲਈ ਉਹ ਨਹੀਂ ਚਾਹੁੰਦੇ ਕਿ ਸਿੱਖ ਕੌਮ ਉਹਨਾਂ ਦੀ ਜਿੰਦਗੀ ਦੀ
ਭੀਖ ਮੰਗੇ।
ਸੰਤ ਦਾਦੂਵਾਲ ਨੇ ਦੱਸਿਆ ਕਿ ਸ੍ਰੀ ਰਾਜੋਆਣਾ ਵੱਲੋਂ ਸੌਂਪੀ ਵਸੀਅਤ ਸ੍ਰੀ
ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਂਟ ਕਰਨ ਵਾਸਤੇ ਉਹਨਾਂ ਦੇ ਪਰਿਵਾਰ ਸਮੇਤ ਉਹ
ਕੱਲ੍ਹ ਪਿੰਡ ਰਾਜੋਆਣਾ ਕਲਾਂ ਦੇ ਗੁਰਦੁਆਰੇ ਤੋਂ ਅਮ੍ਰਿਤਸਰ ਵੱਲ ਕੂਚ ਕਰਨਗੇ। ਉਹਨਾਂ
ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਅਪੀਲ ਕਰਨਗੇ ਕਿ ਰਾਜੋਆਣਾ ਦੇ
ਮਾਮਲੇ ਸਬੰਧੀ ਉਹ ਪੰਜਾਬ ਦੀ ਬਾਦਲ ਸਰਕਾਰ ਲਈ ਦਿਸ਼ਾ ਨਿਰਦੇਸ ਜਾਰੀ ਕਰਨ।
ਇਹ ਵਿਚਾਰ ਪ੍ਰਗਟ ਕਰਦਿਆਂ ਕਿ ਅਗਰ ਰਾਜ ਸਰਕਾਰ ਚਾਹੇ ਤਾਂ ਰਾਜੋਆਣਾ ਨੂੰ
ਫਾਂਸੀ ਤੋਂ ਬਚਾਇਆ ਜਾ ਸਕਦੈ, ਲੇਕਿਨ ਨਮੋਸੀ ਤੋਂ ਬਚਣ ਲਈ ਪੰਥਕ ਹਕੂਮਤ ਇਹ ਤਰਕ ਦੇ ਰਹੀ
ਹੈ ਕਿ ਬੇਅੰਤ ਸਿੰਘ ਕਤਲ ਕਾਂਡ ਦਾ ਫੈਸਲਾ ਚੰਡੀਗੜ੍ਹ ਦੀ ਅਦਾਲਤ ਨੇ ਸੁਣਾਇਆ ਹੈ, ਇਸ
ਲਈ ਉਸਨੂੰ ਪੰਜਾਬ ਦੀ ਪਟਿਆਲਾ ਜੇਲ੍ਹ ਵਿੱਚ ਫਾਂਸੀ ਤੇ ਨਹੀਂ ਲਟਕਾਇਆ ਜਾ ਸਕਦਾ। ਇਹ
ਪੁੱਛਣ ਤੇ ਕਿ ਖ਼ੁਦ ਨੂੰ ਧਰਮ ਨਿਰਪੱਖ ਅਖਵਾਉਣ ਵਾਲੀ ਰਾਜ ਸਰਕਾਰ ਲਈ ਉਹ ਪੰਥਕ ਵਿਸੇਸ਼ਣ
ਕਿਉਂ ਇਸਤੇਮਾਲ ਕਰ ਰਹੇ ਹਨ, ਸੰਤ ਦਾਦੂਵਾਲ ਨੇ ਕਿਹਾ ਕਿ ਬਾਦਲਾਂ ਲਈ ਵੋਟਾਂ ਮੰਗਣ ਵੇਲੇ
ਸੰਤ ਸਮਾਜ ਦੇ ਆਗੂਆਂ ਨੇ ਇਹੀ ਦਲੀਲ ਦਿੱਤੀ ਸੀ।
ਜਦ ਸੰਤ ਦਾਦੂਵਾਲ ਨੂੰ ਇਹ ਯਾਦ ਕਰਵਾਇਆ ਕਿ ਪੰਜਾਬ ਦੇ ਜੇਲ੍ਹ ਵਿਭਾਗ ਕੋਲ
ਜੱਲਾਦ ਨਾ ਹੋਣ ਕਰਕੇ ਰਾਜੋਆਣਾ ਨੂੰ ਫਾਂਸੀ ਦੇਣ ਤੋਂ ਅਸਮਰੱਥਤਾ ਪ੍ਰਗਟ ਕੀਤੀ ਜਾ ਰਹੀ
ਹੈ ਤਾਂ ਸੰਤ ਦਾਦੂਵਾਲ ਨੇ ਕਿਹਾ ਕਿ ਇਸ ਕੰਮ ਲਈ ਸਿੱਖਾਂ ਦੀ ਨਸਲਕੁਸੀ ਕਰਨ ਵਾਲੀ ਉਸ
ਆਲਮ ਸੈਨਾ ਦੇ ਸਾਬਕਾ ਮੁਖੀ ਦੀਆਂ ਸੇਵਾਵਾਂ ਹਕੂਮਤ ਲੈ ਸਕਦੀ ਹੈ, ਸਨਮਾਨ ਵਜੋਂ ਜਿਸਦੀ
ਪਤਨੀ ਨੂੰ ਵਿਧਾਇਕ ਦੇ ਅਹੁਦੇ ਨਾਲ ਨਿਵਾਜਿਆ ਜਾ ਚੁੱਕਾ ਹੈ। ਗੱਲ ਇੱਥੋਂ ਤੱਕ ਹੀ ਸੀਮਤ
ਨਹੀਂ ਰਹੀ ਉਹ ਕਹਿਣ ਤੱਕ ਵੀ ਚਲੇ ਗਏ ਕਿ ਫਾਂਸੀ ਦਾ ਤਖਤਾ ਤਾਂ ਖੁਦ ਬਾਦਲ ਸਾਹਿਬ ਵੀ
ਖਿੱਚ ਸਕਦੇ ਹਨ।
No comments:
Post a Comment