....

Thursday, March 15, 2012

ਕੀ ਸੀਨੀਅਰ ਬਾਦਲ ਉਪ-ਰਾਸ਼ਟਰਪਤੀ ਦੀ ਚੋਣ ਲੜਨਗੇ?

-ਜਸਵੰਤ ਸਿੰਘ ‘ਅਜੀਤ’
ਜਿਸ ਸਮੇਂ ਇਹ ਮਜ਼ਮੂਨ ਪੜ੍ਹਿਆ ਜਾ ਰਿਹਾ ਹੋਵੇਗਾ ਉਸ ਸਮੇਂ ਤੱਕ ਸ. ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ 22ਵੇਂ ਮੁਖ ਮੰਤਰੀ ਦੇ ਰੂਪ ਵਿੱਚ ਆਪਣੀ ਪੰਜਵੀ ਪਾਰੀ ਅਤੇ ਸ. ਸੁਖਬੀਰ ਸਿੰਘ ਬਾਦਲ ਉਪ-ਮੁਖ ਮੰਤਰੀ ਦੇ ਰੂਪ ਵਿੱਚ ਆਪਣੀ ਦੂਸਰੀ ਪਾਰੀ ਸ਼ੁਰੂ ਕਰ ਚੁਕੇ ਹੋਣਗੇ। ਪੰਜਾਬ ਦੇ ਰਾਜਸੀ ਹਲਕਿਆਂ ਵਿੱਚ ਚਲ ਰਹੀ ਚਰਚਾ ਅਨੁਸਾਰ ਪੰਜਾਬ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਮੁਖੀ ਪ੍ਰਤੱਖ ਰੂਪ ਵਿੱਚ ਇਹ ਆਖ ਰਹੇ ਹਨ ਕਿ ਉਨ੍ਹਾਂ ਅਕਾਲੀ-ਭਾਜਪਾ ਗਠਜੋੜ ਦੇ ਹਿਤਾਂ ਅਤੇ ਮਾਨਤਾਵਾਂ ਦਾ ਸਨਮਾਨ ਕਰਦਿਆਂ ਉਪ-ਮੁੱਖ ਮੰਤਰੀ ਦੇ ਅਹੁਦੇ ਤੋਂ ਆਪਣਾ ਦਾਅਵਾ ਛੱਡ ਦਿੱਤਾ ਹੈ। ਜਦਕਿ ਭਾਜਪਾ ਹਾਈ ਕਮਾਨ ਦੇ ਨੇੜਲੇ ਸੁਤ੍ਰਾਂ ਦਸਦੇ ਹਨ ਕਿ ਪਿਛਲੀ ਵਾਰ, ਭਾਵੇਂ ਪੰਜਾਬ ਪ੍ਰਦੇਸ਼ ਭਾਜਪਾ ਦੇ ਮੁੱਖੀਆਂ ਨੇ ਮਨ ਮਾਰ ਕੇ ਆਪਣੇ ਕੇਂਦਰੀ ਨੇਤਾਵਾਂ ਦੇ ਦਬਾਉ ਸਾਹਮਣੇ ਸਿਰ ਝੁਕਾਉਂਦਿਆਂ ਉਪ-ਮੁੱਖ ਮੰਤਰੀ ਦੇ ਅਹੁਦੇ ਤੋਂ ਆਪਣਾ ਦਾਅਵਾ ਛੱਡ ਦਿੱਤਾ ਸੀ। ਪ੍ਰੰਤੂੁ ਇਸ ਵਾਰ ਉਨ੍ਹਾਂ ਇਸ ਅਹੁਦੇ ਪੁਰ ਆਪਣਾ ਦਾਅਵਾ ਛੱਡਿਆ ਨਹੀਂ, ਸਗੋਂ ਆਪਣੇ ਕੇਂਦਰੀ ਨੇਤਾਵਾਂ ਪਾਸੋਂ ਮਿਲੇ ਭਰੋਸੇ ’ਤੇ ਆਪਣੇ ਇਸ ਦਾਅਵੇ ਨੂੰ ਮੁਲਤਵੀ ਹੀ ਕੀਤਾ ਹੈ। ਦਸਿਆ ਜਾਂਦਾ ਹੈ ਕਿ ਕੇਂਦਰੀ ਨੇਤਾਵਾਂ ਵਲੋਂ ਉਨ੍ਹਾਂ ਨੂੰ ਭਰੋਸਾ ਦੁਆਇਆਾ ਗਿਆ ਹੈ ਕਿ ਇਸ ਵਾਰ ਉਹ ਇਸ ਜੁਗਾੜ ਵਿੱਚ ਹਨ ਕਿ ਵਿਰੋਧੀ ਧਿਰ ਵਲੋਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਐਲਾਨ ਕੇ, ਮੁੱਖ ਮੰਤਰੀ ਦੇ ਅਹੁਦੇ ਤੋਂ ਉਨ੍ਹਾਂ ਦੀ ਸਨਮਾਨਜਨਕ ਵਿਦਾਇਗੀ ਦਾ ਰਾਹ ਤਿਆਰ ਕੀਤਾ ਜਾਏ, ਜਿਸ ਨਾਲ ਸ. ਸੁਖਬੀਰ ਸਿੰਘ ਬਾਦਲ ਦਾ ਮੁੱਖ ਮੰਤਰੀ ਬਣਨਾ ਨਿਸ਼ਚਿਤ ਹੋ ਜਾਇਗਾ ਤੇ ਫਲਸਰੂਪ ਉਪ-ਮੁਖ ਮੰਤਰੀ ਦਾ ਅਹੁਦਾ ਭਾਜਪਾ ਲਈ ਆਪਣੇ ਆਪ ਹੀ ਖਾਲੀ ਹੋ ਜਾਇਗਾ।
ਪੰਜਾਬ ਦੀ ਰਾਜਨੀਤੀ ਨਾਲ ਸਬੰਧਤ ਮਾਹਿਰਾਂ ਦੀ ਗਲ ਮੰਨੀ ਜਾਏ ਤਾਂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਆਪਣੀ ਇਸ ਰਣਨੀਤੀ ਦੀ ਚਰਚਾ ਕਰ, ਉਸਨੂੰ ਅਮਲ ਵਿੱਚ ਲਿਆਉਣ ਲਈ ਉਨ੍ਹਾਂ ਦੀ ਸਹਿਮਤੀ ਪ੍ਰਾਪਤ ਕਰ ਲਈ ਹੋਈ ਹੈ। ਇਨ੍ਹਾਂ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਦਾ ਭਾਜਪਾ ਦੀ ਇਸ ਰਣਨੀਤੀ ਪ੍ਰਤੀ ਸਹਿਮਤੀ ਪ੍ਰਗਟ ਕੀਤੇ ਜਾਣ ਦਾ ਕਾਰਣ ਸ਼ਾਇਦ ਇਹ ਹੋ ਸਕਦਾ ਹੈ ਕਿ ਉਨ੍ਹਾਂ ਵਲੋਂ ਮੁੱਖ ਮੰਤਰੀ ਵਜੋਂ ਨਿਬਾਹੇ ਬੀਤੇ ਕਾਰਜ-ਕਾਲ ਦੇ ਸਮੇਂ ਤੋਂ ਹੀ ਸ. ਸੁਖਬੀਰ ਸਿੰਘ ਬਾਦਲ ਉਪ-ਮੁਖ ਮੰਤਰੀ ਹੁੰਦਿਆਂ ਹੋਇਆਂ ਵੀ ‘ਸੁਪਰ’ ਮੁਖ ਮੰਤਰੀ ਵਜੋਂ ਵਿਚਰਦੇ ਚਲੇ ਆ ਰਹੇ ਹਨ, ਜਿਸ ਕਾਰਣ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮੁਖ ਮੰਤਰੀ ਹੁੰਦਿਆਂ ਹੋਇਆਂ ਵੀ ਮਜਬੂਰ ਹੋ ਕੇ ਵੀ ਸਭ ਕੁਝ ਸਹਿਣਾ ਚਲਿਆ ਰਿਹਾ ਹੈ।
ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸਲਾਹ ਦਿੱਤੀ ਹੈ ਕਿ ਹੁਣ ਪੰਜਵੀ ਵਾਰ ਪੰਜਾਬ ਦੇ ਮੁਖ ਮੰਤਰੀ ਬਣਨ ਦਾ ਉਹ ਰਿਕਾਰਡ ਕਾਇਮ ਕਰ ਹੀ ਚੁਕੇ ਹਨ, ਇਸਲਈ ਹੁਣ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪ ਹੀ ਮੁਖ ਮੰਤਰੀ ਦਾ ਅਹੁਦਾ ਆਪਣੇ ਪੁਤਰ, ਸ. ਸੁਖਬੀਰ ਸਿੰਘ ਬਾਦਲ ਲਈ ਖਾਲੀ ਕਰ, ਸਨਮਾਨਪੂਰਣ ਵਿਦਾਇਗੀ ਲੈ ਲੈਣ। ਜਸਟਿਸ ਸੋਢੀ ਨੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਹੁਣ ਉਨ੍ਹਾਂ ਨੂੰ ਸ. ਸੁਖਬੀਰ ਸਿੰਘ ਬਾਦਲ ਦੇ ਇਕ ਅਜਿਹੇ ਮਾਰਗ-ਦਰਸ਼ਕ ਦੇ ਰੂਪ ਵਿੱਚ ਜਿ਼ੰਮੇਦਾਰੀ ਨਿਭਾਉਣੀ ਚਾਹੀਦੀ ਹੈ ਜਿਸ ਨਾਲ ਉਹ, ਉਨ੍ਹਾਂ ਵਾਂਗ ਹੀ ਮਿੱਠੀ ਛੁਰੀ ਬਣ, ਆਪਣੇ ਵਿਰੋਧੀਆਂ ਨਾਲ ਨਿਪਟਣ ਵਿੱਚ ਮਾਹਿਰ ਹੋ ਸਕਣ। ਜਸਟਿਸ ਆਰ ਐਸ ਸੋਢੀ ਦਾ ਇਹ ਵੀ ਕਹਿਣਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਆਪ ਇਹ ਮੰਨ ਚੁਕੇ ਹਨ ਕਿ ਇਸ ਵਾਰ ਦੀ ਦਲ ਦੀ ਰਿਕਾਰਡ ਜਿਤ, ਸ. ਸੁਖਬੀਰ ਸਿੰਘ ਬਾਦਲ ਦੀ ਰਣਨੀਤੀ ਸਦਕਾ ਹੀ ਸੰਭਵ ਹੋ ਸਕੀ ਹੈ ਅਰਥਾਤ ਸ. ਸੁਖਬੀਰ ਸਿੰਘ ਬਾਦਲ ਸੱਤਾ ਸੰਭਾਲਣ ਯੋਗ ਹੋ ਗਏ ਹੋਏ ਹਨ। ਹੁਣ ਉਨ੍ਹਾਂ ਨੂੰ ਕੇਵਲ ਵਿਰੋਧੀਆਂ ਨਾਲ ਮਿੱਠੀ ਛੁਰੀ ਬਣ ਨਿਪਟਣ ਦੀ ‘ਕਲਾ’ ਵਿੱਚ ਨਿਪੁਣ ਹੋਣ ਦੀ ਲੋੜ ਬਾਕੀ ਰਹਿ ਗਈ ਹੋਈ ਹੈ, ਜਿਸਨੂੰ ਉਹ ਕੇਵਲ ਸ. ਪ੍ਰਕਾਸ਼ ਸਿੰਘ ਬਾਦਲ ਦੇ ਮਾਰਗ-ਦਰਸ਼ਨ ਵਿੱਚ ਹੀ ਸਿਖ ਸਕਦੇ ਹਨ।
ਸ. ਬਾਦਲ ਦੀ ਰਣਨੀਤੀ : ਜਿਵੇਂ ਕਿ ਕੁਝ ਸਮਾਂ ਪਹਿਲਾਂ ਇਨ੍ਹਾਂ ਹੀ ਕਾਲਮਾਂ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਸ. ਬਲਵੰਤ ਸਿੰਘ ਰਾਮੁਵਾਲੀਆ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਕੀਤੇ ਜਾਣ ਦੀਆਂ ਖਬਰਾਂ ਪੁਰ ਚਰਚਾ ਕਰਦਿਆਂ ਦਸਿਆ ਗਿਆ ਸੀ ਕਿ ਸ. ਪ੍ਰਕਾਸ਼ ਸਿੰਘ ਬਾਦਲ ਆਪਣੇ ਕਟੜ ਵਿਰੋਧੀਆਂ ਨੂੰ ਨੁਕਰੇ ਲਾਉਣ ਵਿੱਚ ਬਖੂਬੀ ਮਾਹਿਰ ਹਨ, ਇਸੇ ਨੀਤੀ ਦੇ ਚਲਦਿਆਂ ਉਨ੍ਹਾਂ ਸ. ਬਲਵੰਤ ਸਿੰਘ ਰਾਮੁਵਾਲੀਆ ਨੂੰ ਆਪਣੇ ਦਲ ਵਿੱਚ ਸ਼ਾਮਲ ਕੀਤਾ ਫਿਰ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਇਕ ਅਜਿਹੀ ਸੀਟ ਤੋਂ ਉਮੀਦਵਾਰ ਬਣਾਇਆ, ਜਿਸਤੇ ਜਿੱਤ ਕਿਸੇ ਨੂੰ ਵੀ ਸੰਭਵ ਨਜ਼ਰ ਨਹੀਂ ਸੀ ਆ ਰਹੀ। ਇਸੇ ਤਰ੍ਹਾਂ ਉਨ੍ਹਾਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਵੀ ਇਕ ਵਾਰ ਫਿਰ ਅਜਿਹੀ ਸੀਟ ਤੋਂ ਚੋਣ ਲੜਵਾਈ, ਜੋ ਜਿੱਤੀ ਨਹੀਂ ਸੀ ਜਾ ਸਕਦੀ। ਫਲਸਰੂਪ ਪ੍ਰੋ. ਚੰਦੂਮਾਜਰਾ ਨਾਲ ਹੀ ਸ. ਰਾਮੂਵਾਲੀਆ ਵੀ ਉਨ੍ਹਾਂ (ਸ. ਬਾਦਲ) ਵਿਰੁਧ ਮੁਹਿੰਮ ਛੇੜ ਸੁਰਖੀਆਂ ਵਿੱਚ ਬਣੇ ਰਹਿਣ ਦੀ ਥਾਂ, ਉਨ੍ਹਾਂ ਦਾ ਗੁਣਗਾਨ ਕਰਦਿਆਂ ਮੀਡੀਆ ਵਿੱਚ ਆਪਣੀ ਹੋਂਦ ਬਣਾਈ ਰਖਣ ਤਕ ਹੀ ਸੀਮਿਤ ਹੋ ਕੇ ਰਹਿ ਜਾਣਗੇ।
ਭਾਜਪਾ ਦੀਆਂ ਪ੍ਰਭਾਵਸ਼ਾਲੀ ਸਿੱਖਾਂ ਪੁਰ ਨਜ਼ਰਾਂ: ਦਸਿਆ ਜਾ ਰਿਹਾ ਹੈ ਕਿ ਦਿੱਲੀ ਪ੍ਰਦੇਸ਼ ਭਾਜਪਾ ਦੇ ਮੁੱਖੀ ਅਜਕਲ ਦਿੱਲੀ ਵਿਚਲੇ ਅਜਿਹੇ ਸਿੱਖ ਮੁਖੀਆਂ ਦੀ ਭਾਲ ਵਿੱਚ ਹਨ, ਜੋ ਆਪੋ-ਆਪਣੇ ਹਲਕੇ ਵਿੱਚ ਚੰਗੀ ਸਾਖ ਦੇ ਮਾਲਕ ਹੋਣ ਅਤੇ ਭਾਜਪਾ ਵਿੱਚ ਸ਼ਾਮਲ ਹੋ, ਦਿੱਲੀ ਨਗਰ ਨਿਗਮ ਦੀ ਚੋਣ ਲੜਨ ਦੀ ਇੱਛਾ ਰਖਦੇ ਹੋਣ। ਇਸ ਪਿੱਛੇ ਉਨ੍ਹਾਂ ਦਾ ਇਹ ਉਦੇਸ਼ ਕੰਮ ਕਰ ਰਿਹਾ ਦਸਿਆ ਜਾ ਰਿਹਾ ਹੈ ਕਿ ਇਸ ਨਾਲ ਇਕ ਤਾਂ ਸਿੱਖ ਮਤਦਾਤਾਵਾਂ ਨੂੰ ਆਪਣੇ ਨਾਲ ਲਿਆਉਣ ਲਈ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੁਰ ਨਿਰਭਰਤਾ ਖਤਮ ਹੋ ਜਾਇਗੀ, ਦੂਸਰਾ ਸਿੱਖ ਮਤਦਾਤਾਵਾਂ ਵਿੱਚ ਇਹ ਸੰਦੇਸ਼ ਚਲਾ ਜਾਇਗਾ ਕਿ ਜਦਕਿ ਭਾਜਪਾ ਲੀਡਰਸ਼ਿਪ ਸਿੱਧਾ ਹੀ ਉਨ੍ਹਾਂ ਨੂੰ ਸਨਮਾਨ ਦੇਣ ਲਈ ਤਿਆਰ ਹੈ ਤਾਂ ਫਿਰ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਹਾਰੇ ਦੀ ਕੀ ਲੋੜ ਹੈ। ਫਲਸਰੂਪ ਉਨ੍ਹਾਂ ਨੂੰ ਅਕਾਲੀ ਲੀਡਰਾਂ ਦੀ ਸੀਟਾਂ ਦੀ ਮੰਗ ਦੇ ਦਬਾਉ ਤੋਂ ਵੀ ਮੁਕਤੀ ਮਿਲ ਜਾਇਗੀ। ਦੂਜੇ ਪਾਸੇ ਸਿੱਖਾਂ ਦੇ ਹੀ ਇਕ ਵਰਗ ਦੇ ਵਲੋਂ ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਕੀ ਭਾਜਪਾ ਦਾ ਵਰਕਰ, ਜੋ ਆਰ ਐਸ ਐਸ ਪ੍ਰਤੀ ਸਮਰਪਤ ਹੈ ਅਤੇ ਉਸੇ ਦੇ ਕੇਡਰ ਵਿਚੋਂ ਆਇਆ ਹੋਇਆ ਹੈ, ਅਜਿਹੇ ਸਿੱਖ ਉਮੀਦਵਾਰਾਂ ਦੀ ਜਿੱਤ ਲਈ ਨਿਸ਼ਠਾਪੂਰਬਕ ਕੰਮ ਕਰ ਸਕੇਗਾ? ਇਹ ਸਵਾਲ ੳਠਾਏ ਜਾਣ ਦਾ ਕਾਰਣ ਇਹ ਮੰਨਿਆ ਜਾਂਦਾ ਹੈ ਕਿ ਬੀਤੇ ਦਾ ਇਤਿਹਾਸ ਇਸ ਗਲ ਦੀ ਗੁਆਹੀ ਭਰਦਾ ਹੈ ਕਿ ਭਾਜਪਾ ਦਾ ਵਰਕਰ ਅਕਾਲੀ ਉਮੀਦਵਾਰਾਂ ਦੀ ਤਾਂ ਕੀ, ਆਪਣੀ ਪਾਰਟੀ ਤੱਕ ਦੇ ਸਿੱਖ ਉਮੀਦਵਾਰਾਂ ਦੀ ਜਿਤ ਨਿਸ਼ਚਿਤ ਕਰਨ ਪ੍ਰਤੀ ਵੀ ਨਿਸ਼ਠਾਵਾਨ ਨਹੀਂ ਰਹਿ ਪਾਇਆ ਸੀ। ਭਾਜਪਾ ਦੇ ਟਿਕਟ ਪੁਰ ਜੇ ਕੋਈ ਸਿੱਖ ਜਿਤਦੇ ਰਹੇ ਹਨ ਤਾਂ ਉਹ ਆਪਣੀ ਨਿਜੀ ਸਾਖ ਅਤੇ ਆਪਣੇ ਹੀ ਨਿਸ਼ਠਾਵਾਨ ਵਰਕਰਾਂ ਦੇ ਬਲਬੂਤੇ।
ਸ. ਤਰਵਿੰਦਰ ਸਿੰਘ ਮਰਵਾਹ ਦੀ ਗਲ : ਭਾਜਪਾ ਨੇਤਾਵਾਂ ਨੇ ਦਿੱਲੀ ਸਰਕਾਰ ਦੇ ਸੰਸਦੀ ਸਕੱਤ੍ਰ ਸ. ਤਰਵਿੰਦਰ ਸਿੰਘ ਮਰਵਾਹ ਦੇ ‘ਕਥਤ’ ਭ੍ਰਿਸ਼ਟਾਚਾਰ ਨੂੰ ਲਗਾਤਾਰ ਉਛਾਲ, ਉਨ੍ਹਾਂ ਪਾਸੋਂ ਸੰਸਦੀ ਸਕੱਤ੍ਰ ਦਾ ਅਹੁਦਾ ਤਾਂ ਖੁਹਾ ਹੀ ਦਿੱਤਾ। ਫਿਰ ਵੀ ਇਸ ਮੁੱਦੇ ਨੂੰ ਉਛਾਲਦਿਆਂ ਰਹਿ ਸ. ਤਰਵਿੰਦਰ ਸਿੰਘ ਮਰਵਾਹ ਦੇ ਨਾਂ ’ਤੇ ਦਿੱਲੀ ਸਰਕਾਰ ਅਤੇ ਕਾਂਗ੍ਰਸ ਨੂੰ ਘੇਰਨ ਦੀ ਉਨ੍ਹਾਂ ਦੀ ਮੁਹਿੰਮ ਲਗਾਤਾਰ ਜਾਰੀ ਹੈ। ਜਿਸ ਤੋਂ ਇਉਂ ਜਾਪਦਾ ਹੈ, ਜਿਵੇਂ ਭਾਜਪਾ ਨੇਤਾਵਾਂ ਦੀ ਨਜ਼ਰ ਵਿੱਚ ਸ. ਤਰਵਿੰਦਰ ਸਿੰਘ ਮਰਵਾਹ ਦੇ ਭ੍ਰਿਸ਼ਟਾਚਾਰ ਨਾਲ ਸਾਰੀ ਕਾਂਗ੍ਰਸ ਹੀ ਭ੍ਰਿਸ਼ਟ ਹੋ ਗਈ ਹੋਈ ਹੈ ਅਤੇ ਉਹ ਆਪ (ਭਾਜਪਾ ਨੇਤਾ) ਦੂੱਧ ਦੇ ਧੁਲੇ ਹੀ ਰਹਿ ਗਏ ਹਨ, ਉਨ੍ਹਾਂ ਨੂੰ ਭ੍ਰਿਸ਼ਟਾਚਾਰ ਛੂਹ ਤਕ ਨਹੀਂ ਗਿਆ। ਕੁਝ ਰਾਜਸੀ ਮੁੱਖੀਆਂ ਦਾ ਇਹ ਵੀ ਮੰਨਣਾ ਹੈ ਕਿ ਭਾਜਪਾ ਨੇਤਾ ਸ. ਤਰਵਿੰਦਰ ਸਿੰਘ ਮਰਵਾਹ ਨੂੰ ਵਿਧਾਨ ਸਭਾ ਅਤੇ ਕਾਂਗ੍ਰਸ ਪਾਰਟੀ ਤੋਂ ਵੀ ਵਿਦਾ ਕਰਵਾ ਜੇਲ੍ਹ ਭਿਜਵਾਣਾ ਅਤੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਇਸ ਮੁੱਦੇ ਨੂੰ ਕਾਂਗ੍ਰਸ ਦੇ ਵਿਰੁਧ ਆਪਣੇ ਹਕ ਵਿੱਚ ਭੁਨਾਣਾ ਚਾਹੁੰਦੇ ਹਨ। ਇਸ ਉਦੇਸ਼ ਵਿੱਚ ਉਨ੍ਹਾਂ ਨੂੰ ਕਿਤਨੀ ਸਫਲਤਾ ਮਿਲਦੀ ਹੈ? ਇਸਦਾ ਜਵਾਬ ਤਾਂ ਸਮਾਂ ਹੀ ਦੇਵੇਗਾ।
ਉਧਰ ਸ. ਤਰਵਿੰਦਰ ਸਿੰਘ ਮਰਵਾਹ ਭਾਜਪਾ ਦੀਆਂ ਚੋਟਾਂ ਬਰਦਾਸ਼ਤ ਨਾ ਕਰ ਪਾ, ਆਪਣਾ ਗੁੱਸਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ, ਸਰਨਾ-ਭਰਾਵਾਂ ਵਿਰੁਧ ਕਢਣ ਤੇ ਉਤਾਰੂ ਵਿਖਾਈ ਦੇਣ ਲਗੇ ਹਨ। ਜਿਸ ਤੋਂ ਲੋਕਾਂ ਵਲੋਂ ਇਹ ਕਿਹਾ ਜਾਣ ਲਗਾ ਹੈ ਕਿ ਸ. ਤਰਵਿੰਦਰ ਸਿੰਘ ਮਰਵਾਹ ਨੂੰ ਸਰਨਾ-ਭਰਾਵਾਂ ਨੂੰ ਕੋਸਣ ਤੋਂ ਪਹਿਲਾਂ ਆਪਣਾ ਦਾਮਨ ਸਾਫ ਕਰਨਾ ਚਾਹੀਦਾ ਹੈ ਅਤੇ ਆਪਣੀ ਉਸ ਪਾਰਟੀ ਦੇ ਹਿਤਾਂ ਦੀ ਰਖਿਆ ਅਤੇ ਉਸਦੀ ਛੱਬੀ ਨੂੰ ਦਾਗ਼ੀ ਹੋਣ ਤੋਂ ਬਚਾਣ ਬਾਰੇ ਸੋਚਣਾ ਅਤੇ ਕੁਝ ਕਰਨਾ ਚਾਹੀਦਾ ਹੈ, ਜਿਸਨੇ ਉਨ੍ਹਾਂ ਨੂੰ ਸੰਸਦੀ ਸਕੱਤ੍ਰ ਜਿਹੇ ਸਤਿਕਾਰਤ ਅਹੁਦੇ ਤਕ ਪੁਜਣ ਦਾ ਮਾਣ ਬਖਸ਼ਿਆ। ਤਾਂ ਜੋ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਉਨ੍ਹਾਂ ਦੇ ‘ਕਥਤ’ ਗੁਨਾਹ ਦਾ ਖਮਿਆਜ਼ਾ ਉਨ੍ਹਾਂ ਦੀ ਪਾਰਟੀ ਨੂੰ ਨਾ ਭੁਗਤਣਾ ਪੈ ਜਾਏ।
...ਅਤੇ ਅੰਤ ਵਿੱਚ: ਮੰਨਿਆ ਜਾ ਰਿਹਾ ਹੈ ਕਿ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਅਜਕਲ ਪੰਜ ਪਾਂਡਵਾਂ ਦੀ ਜਗੀਰ ਬਣ ਕੇ ਰਹਿ ਗਿਆ ਹੋਇਆ ਹੈ। ਬੀਤੇ ਦਿਨੀਂ ਦਿੱਲੀ ਵਿੱਚ ਦਲ ਨੂੰ ਸਰਗਰਮ ਕਰਨ ਦੇ ਉਦੇਸ਼ ਨਾਲ ਰਾਜਧਾਨੀ ਨੂੰ ਪੰਜ ਜ਼ੋਨਾਂ ਵਿੱਚ ਵੰਡਿਆ ਗਿਆ ਤਾਂ ਉਨ੍ਹਾਂ ਦੀ ਜ਼ਿਮੇਂਦਾਰੀ ਦਲ ਦੇ ਹੋਰ ਮੁਖੀਆਂ ਨੂੰ ਸੌਂਪਣ ਦੀ ਬਜਾਏ, ਇਨ੍ਹਾਂ ਪੰਜਾਂ ਪਾਂਡਵਾਂ ਨੇ ਆਪੋ ਵਿੱਚ ਹੀ ਵੰਡ ਲਈ। ਇਸੇ ਤਰ੍ਹਾਂ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਵਲੋਂ ਪ੍ਰੈਸ ਨਾਲ ਸੰਪਰਕ ਬਣਾਈ ਰਖਣ ਲਈ ਇੱਕ ਵਿਦਵਾਨ ਅਤੇ ਸੂਝਵਾਨ ਸਜਣ ਦੀ ਪਾਰਟੀ ਦੇ ‘ਸਪੋਕਸਮੈਨ’ ਵਜੋਂ ਨਿਯੁਕਤੀ ਕੀਤੀ ਗਈ, ਪ੍ਰੰਤੂ ਜਦੋਂ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਅਜਿਹਾ ਕਰ ਉਨ੍ਹਾਂ ਬਲੰਡਰ ਗ਼ਲਤੀ ਕਰ ਲਈ ਹੈ, ਕਿਉਂਕਿ ਇਸਤਰ੍ਹਾਂ ਤਾਂ ਉਨ੍ਹਾਂ ਦੇ ਫੋਟੋ ਸਮਾਚਾਰਪਤ੍ਰਾਂ ਵਿੱਚ ਛਪਣੋਂ ਰਹਿ ਜਾਣਗੇ, ਤਾਂ ਉਨ੍ਹਾਂ ‘ਵਿਚਾਰੇ’ ਪੜ੍ਹੇ ਲਿਖੇ ਅਤੇ ਮੀਡੀਆ ਕਰਮੀਆਂ ਨਾਲ ਚੰਗੇ ਸਬੰਧ ਰਖਣ ਵਾਲੇ ‘ਸਪੋਕਸਮੈਨ’ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਘਰ ਬੈਠਣ ਤੇ ਮਜਬੂਰ ਕਰ ਦਿੱਤਾ।000

No comments:

Post a Comment