....

Monday, April 2, 2012

ਤੱਤ ਮੂਰਖ ਪਰਿਵਾਰ ਦੀਆਂ ਕਰਤੂਤਾਂ

ਭਾਈ ਰਾਜੋਆਣੇ ਦੇ ਮਸਲੇ ਵਿਚ ਉੱਠੀ ਕੌਮੀ ਲਹਿਰ ਵਿਚ ਰਿਹਾ ਬ੍ਰਾਹਮਣਵਾਦ ਭਾਰੂ
ਸਚੁ ਸੁਣਾਇਸੀ ਸਚ ਕੀ ਬੇਲਾ
ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਫਾਂਸੀ ਦੀ ਤਾਰੀਖ ਤੈਅ ਹੋਣ ਤੋਂ ਬਾਅਦ ਸਿੱਖ ਕੌਮ ਵਿਚ ਇਕ ਲਹਿਰ ਪੈਦਾ ਹੋ ਗਈ। ਭਾਈ ਰਾਜੋਆਣੇ ਸਮੇਤ ਸਿੱਖ ਖਾੜਕੂਆਂ ਨੂੰ ਭਿਆਨਕ ਲੰਮੀਆਂ ਸਜਾਵਾਂ ਅਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਦਾ ਸ਼ਰੇਆਮ ਘੁੰਮਣਾ ਭਾਰਤੀ ਨਿਆਂ ਪ੍ਰਣਾਲੀ ਦੀ ਨਿਰਪੱਖਤਾ ਦੇ ਦਾਅਵੇ ’ਤੇ ਇਕ ਵੱਡਾ ਪ੍ਰਸ਼ਨ ਚਿੰਨ੍ਹ ਹੈ। ਇਸ ਮਸਲੇ ’ਤੇ ਕੌਮ ਦਾ ਇਕਮੁੱਠ ਹੋ ਕੇ ਲਹਿਰ ਚਲਾਣਾ ਵੀ ਇੱਕ ਚੰਗਾ ਸੰਕੇਤ ਹੈ। ਰੋਜ਼ਾਨਾ ਸਪੋਕਸਮੈਨ ਸਮੇਤ ਕੁਝ ਅਖਬਾਰਾਂ ਵਲੋਂ ਇਸ ਮਸਲੇ ਦੀ ਪੂਰੀ ਕਵਰੇਜ ਅਤੇ ਆਪਣੇ ਸੰਪਾਦਕੀਆਂ ਰਾਹੀਂ ਦਿੱਤਾ ਸਮਰਥਨ ਵੀ ਪ੍ਰਸ਼ੰਸਾ ਦਾ ਪਾਤਰ ਹੈ, ਜਦਕਿ ਨੈਸ਼ਨਲ ਮੀਡੀਆ ’ਤੇ ਭਾਰੂ ਭਗਵਾਂ ਲਾਬੀ ਨੇ ਇਸ ਅਹਿਮ ਮੁੱਦੇ ਨੂੰ ਬਹੁਤ ਹੱਦ ਤੱਕ ਨਜ਼ਰਅੰਦਾਜ਼ ਕਰੀ ਰੱਖਿਆ। ਹੋਰ ਵੀ ਸਾਰੀਆਂ ਪੰਥਕ ਧਿਰਾਂ ਨੇ ਇਸ ਸੰਬੰਧੀ ਬਹੁਤ ਸਰਗਰਮੀ ਨਾਲ ਆਪਣਾ ਯੋਗਦਾਨ ਪਾਇਆ। ਨਤੀਜਤਨ ਲੋਕ ਭਾਵਨਾਵਾਂ ਦੇ ਪ੍ਰਭਾਵ ਹੇਠ, ਆਪਣੇ ਰਾਜਨੀਤਕ ਸਵਾਰਥ ਵੱਲ ਵੇਖਦੇ ਹੋਏ, ਅਕਾਲੀ ਸਰਕਾਰ ਨੇ ਵੀ ਰਾਜੋਆਣਾ ਦੀ ਫਾਂਸੀ ਫਿਲਹਾਲ ਟਲਵਾਉਣ ਲਈ ਸਰਗਰਮੀ ਵਿਖਾਈ, ਕਿਉਂਕਿ ਇਸ ਮਸਲੇ ’ਤੇ ਪੰਜਾਬ ਕਾਂਗਰਸ ਨੇ ਵੀ ਫਾਂਸੀ ਦੇ ਵਿਰੁਧ ਸਟੈਂਡ ਲੈ ਲਿਆ ਸੀ। ਫੇਰ ਵੀ ਬਾਦਲ ਸਰਕਾਰ ਦੀ ਵੀ ਇਸ ਮਸਲੇ ’ਤੇ ਤਾਰੀਫ ਕੀਤੀ ਜਾ ਸਕਦੀ ਹੈ, ਜਿਨ੍ਹਾਂ ਨੇ ਇਸ ਮਸਲੇ ਨੂੰ ਰਾਸ਼ਟਰਪਤੀ ਕੌਲ ਉਠਾਇਆ। ਜੇ ਪ੍ਰਕਾਸ਼ ਸਿੰਘ ਬਾਦਲ ਵਕਤੀ ਰਾਜਨੀਤਕ ਸੁਆਰਥਾਂ ਦੇ ਪ੍ਰਭਾਵ ਤੋਂ ਉਪਰ ਉੱਠ ਕੇ ਕੁੱਝ ਕਰਨ ਲਈ ਸੁਹਿਰਦ ਹਨ ਤਾਂ ਉਨ੍ਹਾਂ ਨੂੰ ਰਾਜੋਆਣਾ ਸਮੇਤ ਉਨ੍ਹਾਂ ਸਾਰਿਆਂ ਸਿੱਖਾਂ ਨੂੰ ਰਿਹਾ ਕਰਵਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ, ਜੋ 1984 ਸਾਕੇ ਨਾਲ ਸੰਬੰਧਿਤ ਸੰਘਰਸ਼ ਕਾਰਨ ਆਪਣੀਆਂ ਉਮਰਾਂ ਜੇਲਾਂ ਵਿਚ ਗਾਲ ਰਹੇ ਹਨ।
ਪੰਜਾਬ ਦਾ ਮਾਹੌਲ਼ ਸ਼ਾਂਤ ਹੈ ਅਤੇ ਐਸੇ ਸੁਹਿਰਦ ਕਦਮ ਹੀ ਸਿੱਖਾਂ ਦਾ ਵਿਸ਼ਵਾਸ ਜਿੱਤਣ ਵਿਚ ਕਾਰਗਰ ਸਾਬਿਤ ਹੋ ਸਕਦੇ ਹਨ। ਪਰ ਪੰਜਾਬ ਵਿਚ ਸ਼ਿਵ-ਸੈਨਾ ਵਲੋਂ ਸਿੱਖ ਭਾਵਨਾਵਾਂ ਦਾ ਵਿਰੋਧ ਕਰਕੇ ਪੈਦਾ ਕੀਤੀ ਜਾ ਰਹੀ ਭੜਕਾਹਟ ਉਪਰੰਤ ਪੁਲਿਸ ਵਲੋਂ ਕੀਤੀ ਫਾਇਰੰਗ ਵਿਚ ਕੁਝ ਨੌਜਵਾਨਾਂ ਦੀ ਹੋਈ ਮੌਤ ਪੰਜਾਬ ਸਰਕਾਰ ਦੇ ਇਰਾਦਿਆਂ ’ਤੇ ਸ਼ੱਕ ਪੈਦਾ ਕਰਦੀ ਹੈ।
ਭਾਈ ਰਾਜੋਆਣਾ ਦੀ ਫਾਂਸੀ ’ਤੇ ਲੱਗੀ ਰੋਕ ਆਰਜ਼ੀ ਹੈ। ਕੁਝ ਜਾਣਕਾਰ ਧਿਰਾਂ ਵਲੋਂ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ, ਕਿ ਇਹ ਆਰਜ਼ੀ ਰੋਕ ਕੌਮ ਵਿਚ ਪੈਦਾ ਹੋਏ ਰੋਸ ਨੂੰ ਸ਼ਾਂਤ ਕਰਕੇ ਚੁੱਪ-ਚੁੱਪੀਤੇ ਫਾਂਸੀ ਦੇਣ ਦੀ ਇਕ ਨਾਪਾਕ ਸਾਜ਼ਿਸ਼ ਵੀ ਹੋ ਸਕਦੀ ਹੈ, ਕਿਉਂਕਿ ਭਾਈ ਸੁਖੇ-ਜਿੰਦੇ ਦੀ ਵਾਰੀ ਵੀ ਇੱਦਾਂ ਹੀ ਕੀਤਾ ਗਿਆ ਸੀ। ਜੇ ਐਸਾ ਕੁਝ ਹੋਇਆ ਤਾਂ ਇਹ ਪੰਥ ਦੇ ਸੁਚੇਤ ਤਬਕੇ ਦੇ ਇਸ ਯਕੀਨ ਨੂੰ ਹੋਰ ਪੱਕਾ ਕਰ ਦੇਵੇਗਾ ਕਿ ਬਾਦਲ (ਸਰਕਾਰ) ਆਰ. ਐਸ. ਐਸ. ਦੇ ਇਸ਼ਾਰੇ ’ਤੇ ਹੁਣ ਪੰਜਾਬ ਅਤੇ ਸਿੱਖ ਕੌਮ ਦੇ ਵਿਰੁਧ ਹੀ ਕੰਮ ਕਰਦੀ ਹੈ। ਇਸ ਅੰਦੇਸ਼ੇ ਨੂੰ ਝੂਠਲਾਉਣ ਲਈ ਬਾਦਲ ਨੂੰ ਆਪਣੀ ਪੂਰਨ ਬਹੁਮਤ ਵਾਲੀ ਸਰਕਾਰ ਵਲੋਂ ਸੁਹਿਰਦਤਾ ਨਾਲ ਘੱਟੋ-ਘੱਟ ਪੰਜਾਬ ਵਿਚਲੀਆਂ ਜੇਲਾਂ ਵਿਚ ਬੰਦ ਸਿੱਖ ਸੰਘਰਸ਼ ਨਾਲ ਜੁੜੇ ਅਤੇ ਲੰਮੀਆਂ ਜੇਲ੍ਹਾਂ ਕੱਟ ਚੁੱਕੇ ਕੈਦੀਆਂ ਨੂੰ ਰਿਹਾ ਕਰਨ ਲਈ ਤੁਰੰਤ ਠੋਸ ਕਦਮ ਚੁੱਕਣੇ ਚਾਹੀਦੇ ਹਨ ਅਤੇ ਬਾਕੀਆਂ ਦੀ ਰਿਹਾਈ ਲਈ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ।
ਭਾਈ ਰਾਜੋਆਣਾ ਦੇ ਮਸਲੇ ’ਤੇ ਸਾਰੀ ਕੌਮ ਵਲੋਂ ਇਕ ਸਾਂਝੀ ਆਵਾਜ ਬੁਲੰਦ ਕਰਨ ਨਾਲ ਰਾਜੋਆਣਾ ਦੀ ਫਾਂਸੀ ਫਿਲਹਾਲ ਟੱਲ ਗਈ। ਇਸ ਆਰਜ਼ੀ ਕਾਮਯਾਬੀ ਲਈ ਇਸ ਲਹਿਰ ਨਾਲ ਜੁੜੀਆਂ ਸਾਰੀਆਂ ਸੁਹਿਰਦ ਧਿਰਾਂ ਵਧਾਈ ਦੀਆਂ ਪਾਤਰ ਹਨ। ਜੇ ਇਸ ਮਸਲੇ ’ਤੇ ਐਸੀ ਕੌਮੀ ਏਕਤਾ ਕਾਰਨ ਭਾਈ ਰਾਜੋਆਣਾ ਸਮੇਤ ਸਿੱਖ ਸੰਗਠਨਾਂ ਨਾਲ ਜੁੜੇ ਸਾਰੇ ਨੌਜਵਾਨਾਂ ਦੀ ਰਿਹਾਈ ਕਰਵਾਉਣ ਲਈ ਇਹ ਸਾਝੀ ਕੌਮੀ ਲਹਿਰ ਕਾਮਯਾਬ ਹੋਵੇਗੀ, ਇਹੀ ਆਸ ਹੈ। ਕੌਮ ਨੂੰ ਹਰ ਮਸਲੇ ’ਤੇ ਐਸੀ ਏਕਤਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਮੁੱਢਲੇ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਭਾਈ ਰਾਜੋਆਣਾ ਵਲੋਂ ਵਿਖਾਈ ਜਾ ਰਹੀ ਦਲੇਰੀ ਅਤੇ ਪੰਥ ਪ੍ਰਸਤੀ ’ਤੇ ਕੌਮ ਸਮੇਤ ਸਾਰੀ ਮਨੁੱਖਤਾ ਨੂੰ ਮਾਣ ਹੈ।
ਇਸ ਲਹਿਰ ਵਿਚਲੇ ਠੋਸ ਬ੍ਰਾਹਮਣਵਾਦੀ ਅੰਸ਼ਾਂ ਦੀ ਗੁਰਮਤਿ ਪੜਚੋਲ:
ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਈ ਰਾਜੋਆਣਾ ਦੇ ਮਸਲੇ ਕਾਰਨ ਉੱਠੀ ਲਹਿਰ ਨੇ ਸਮੁੱਚੀ ਕੌਮ ਨੇ ਏਕਤਾ ਦੀਆਂ ਸੰਭਾਵਨਾਵਾਂ ਦਾ ਆਧਾਰ ਪੈਦਾ ਕੀਤਾ, ਜੋ ਇਕ ਬਹੁਤ ਹੀ ਚੰਗਾ ਸੰਕੇਤ ਹੈ। ਪਰ ਇਸ ਹਕੀਕਤ ਨੂੰ ਵੀ ਝੂਠਲਾਇਆ ਨਹੀਂ ਜਾ ਸਕਦਾ ਕਿ ਇਹ ਲਹਿਰ ਸ਼ੁਰੂ ਤੋਂ ਹੀ ਬ੍ਰਾਹਮਣਵਾਦ ਅਤੇ ਪੁਜਾਰੀਵਾਦ ਦੇ ਰੰਗ ਵਿਚ ਰੰਗੀ ਹੋਈ ਹੈ। ਇਸ ਅਹਿਮ ਪੱਖ ਨੂੰ ਲਗਭਗ ਸਾਰੀਆਂ ਪੰਥਕ ਧਿਰਾਂ ਨੇ ਅਣਗੌਲਿਆ ਕਰੀ ਰੱਖਿਆ। ਜਦਕਿ ਸਿੱਖ ਕੌਮ ਨਾਲ ਸੰਬਧਿਤ ਕਿਸੇ ਵੀ ਲਹਿਰ ਦਾ ‘ਗੁਰਮਤਿ’ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਤੋਂ ਸੇਧਿਤ ਹੋਣਾ ਅਤਿ ਜ਼ਰੂਰੀ ਹੈ। ‘ਤੱਤ ਗੁਰਮਤਿ ਪਰਿਵਾਰ’ ਦਾ ਮੁੱਖ ਮਕਸਦ ਹੀ ਨਿਰੋਲ ਗੁਰਮਤਿ ਦੀ ਸੇਧ ਵਿਚ ਸਿੱਖ ਸਮਾਜ ਵਿਚ ਘਰ ਕਰ ਚੁੱਕੇ ਬ੍ਰਾਹਮਣਵਾਦ/ਪੁਜਾਰੀਵਾਦ ਦੀ ਪਛਾਣ ਕਰਕੇ, ਖਰਾ ਸੱਚ ਸਾਹਮਣੇ ਲਿਆ ਕੇ ਅਪਣਾਉਂਦੇ ਹੋਏ ਸਿੱਖ ਸਮਾਜ ਸਮੇਤ ਸਮੁੱਚੀ ਲੋਕਾਈ ਤੱਕ ਪਹੁੰਚਾਉਣਾ ਹੈ।
ਇਸੇ ਮਕਸਦ ’ਤੇ ਨਜ਼ਰ ਰੱਖਦੇ ਹੋਏ ਅਸੀਂ ਇਸ ਲਹਿਰ ਨਾਲ ਜੁੜੇ ਬ੍ਰਾਹਮਣਵਾਦੀ ਅਤੇ ਪੁਜਾਰੀਵਾਦੀ ਅੰਸ਼ਾਂ ਬਾਰੇ ਪੜਚੋਲ ਕਰ ਰਹੇ ਹਾਂ ਤਾਂ ਕਿ ਇਸ ਲਹਿਰ ਦੇ ਆਗੂ (ਜੇ ਸੁਚੇਤ ਹੋਣ ਤਾਂ) ਇਨ੍ਹਾਂ ਪੱਖਾਂ ਤੋਂ ਪੜਚੋਲ ਕਰ ਸਕਣ।
ਇਸ ਲਹਿਰ ਦਾ ਧੁਰਾ ਹੈ ਭਾਈ ਬਲਵੰਤ ਸਿੰਘ ਰਾਜੋਆਣਾ। ਇਸ ਵਿਚ ਕੋਈ ਦੋ ਰਾਇ ਨਹੀਂ ਕਿ ਭਾਈ ਰਾਜੋਆਣਾ ਵਿਚ ਦਲੇਰੀ ਦਾ ਗੁਣ ਕੁੱਟ-ਕੁੱਟ ਕੇ ਭਰਿਆ ਹੈ, ਜਿਸ ਕਾਰਨ ਉਹ ਮੌਤ ਨੂੰ ਵੀ ਖਿੜੇ ਮੱਥੇ ਸਵੀਕਾਰ ਕਰਦੇ ਹਨ। ਉਨ੍ਹਾਂ ਵਿਚ ਪੰਥ ਦਰਦ ਵੀ ਠਾਠਾਂ ਮਾਰਦਾ ਹੈ। ਪਰ ਜਿਥੋਂ ਤੱਕ ਗੁਰਮਤਿ ਸਿਧਾਂਤਾਂ ਦੀ ਸੋਝੀ ਅਤੇ ਉਨ੍ਹਾਂ ’ਤੇ ਪਹਿਰਾ ਦੇਣ ਦੀ ਗੱਲ ਹੈ, ਇਸ ਪੱਖੋਂ ਭਾਈ ਰਾਜੋਆਣਾ ਦੀ ਸੋਚ ਗੁਰਮਤਿ ਦੀ ਥਾਂ ਸੰਪਰਦਾਇਕਤਾ ਦੇ ਪ੍ਰਭਾਵ ਹੇਠ ਲਗਦੀ ਹੈ। ਹੁਣ ਤੱਕ ਸਾਹਮਣੇ ਆਏ ਉਨ੍ਹਾਂ ਦੇ ਬਿਆਨਾਂ ਦੇ ਕਈਂ ਅੰਸ਼ ਸੰਪਰਦਾਈ (ਬ੍ਰਾਹਮਣਵਾਦੀ) ਸੋਚ ਦਾ ਪ੍ਰਗਟਾਵਾ ਕਰਦੇ ਹਨ।
ਜਿਥੋਂ ਤੱਕ ਮੌਤ ਨੂੰ ਟਿੱਚ ਜਾਣਨ ਜਿਹੀ ਦਲੇਰੀ ਦੇ ਗੁਣ ਦੀ ਗੱਲ ਹੈ, ਦੁਨੀਆਵੀ ਘਟਨਾਕ੍ਰਮ ਦੀ ਪੜਚੋਲਾਤਮਕ ਜਾਣਕਾਰੀ ਰੱਖਣ ਵਾਲਾ ਹਰ ਸੁਚੇਤ ਮਨੁੱਖ ਜਾਣਦਾ ਹੈ ਕਿ ਕਿਸੇ ਖਾਸ ਮਕਸਦ (ਮਿਸ਼ਨ) ਦੀ ਪ੍ਰਾਪਤੀ ਲਈ ਜਨੂੰਨ ਦੀ ਹੱਦ ਤੱਕ ਪ੍ਰੇਰਿਤ ਮਨੁੱਖ ਐਸੀ ਦਲੇਰੀ ਅਨੇਕਾਂ ਵਾਰ ਵਿਖਾਉਂਦੇ ਰਹੇ ਹਨ। ਇਹ ਪਹੁੰਚ ਸਿਰਫ ਸਿੱਖਾਂ ਵਿਚ ਹੀ ਨਹੀਂ, ਅਨੇਕਾਂ ਹੋਰ ਮੱਤਾਂ ਵਿਚ ਵੀ ਮਿਲਦੀ ਹੈ। ਭਗਤ ਸਿੰਘ ਦੀ ਮਿਸਾਲ ਸਭ ਦੇ ਸਾਹਮਣੇ ਹੈ। ਉਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਕਿਸੇ ਪ੍ਰਚਲਿਤ ਧਾਰਮਿਕ ਮੱਤ ਨੂੰ ਨਹੀਂ ਮੰਨਦਾ ਸੀ (ਭਾਵ ਨਾਸਤਿਕ ਸੀ)। ਪਰ ਫੇਰ ਵੀ ਉਸ ਦੇ ਖਿੜੇ ਮੱਥੇ ਫਾਂਸੀ ਦੇ ਰੱਸੇ ਨੂੰ ਚੁੰਮ ਲਿਆ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ 9/11 ਨੂੰ ਹਵਾਈ ਜਹਾਜਾਂ ਵਿਚ ਪਾਇਲਟ ਬਣ ਕੇ ਅਮਰੀਕਾ ਵਿਚਲੀਆਂ ਦੋ ਉੱਚੀਆਂ ਇਮਾਰਤਾਂ ਨੂੰ ਮਿੱਟੀ ਵਿਚ ਮਿਲਾਉਂਦੇ ਹੋਏ ਆਪਣੀ ਜਾਨ ਦੀ ਬਾਜ਼ੀ ਲਾ ਦੇਣ ਨੌਜਵਾਨਾਂ ਵਿਚ ਵੀ ਕਿਸੇ ਮਕਸਦ ਪ੍ਰਤੀ ਜਨੂੰਨ ਕਾਰਨ ‘ਦਲੇਰੀ’ ਦਾ ਗੁਣ ਮੌਜੂਦ ਸੀ। ਅਨੇਕਾਂ ਮੱਤਾਂ ਦੇ ਲੋਕਾਂ ਵਲੋਂ ਕੌਮੀ ਸੰਘਰਸ਼ ਦੌਰਾਣ ਮਾਨਵ ਬੰਬ ਬਨਣ ਦੀਆਂ ਆਏ ਦਿਨ ਹੁੰਦੀਆਂ ਘਟਨਾਵਾਂ ਵੀ ਉਨ੍ਹਾਂ ਵਿਚਲੇ ਦਲੇਰੀ (ਮੌਤ ਨੂੰ ਟਿੱਚ ਜਾਣਨ) ਦੇ ਗੁਣ ਨੂੰ ਉਜਾਗਰ ਕਰਦੀਆਂ ਹਨ। ਕਹਿਣ ਦਾ ਭਾਵ ਹੈ ਕਿ ਕਿਸੇ ਮਕਸਦ ਲਈ ਜਨੂੰਨ ਦੀ ਹੱਦ ਤੱਕ ਪ੍ਰੇਰਿਤ ਹੋ ਕੇ ਮੌਤ ਨੂੰ ਖਿੜੇ ਮੱਥੇ ਗਲੇ ਲਾ ਲੈਣ ਦਾ ਗੁਣ ਲਗਭਗ ਹਰ ਮੱਤ ਵਿਚ ਪਾਇਆ ਜਾਂਦਾ ਹੈ। ਹਾਂ ਕਿਸੇ ਕੌਮ ਵਿਚ ਐਸੇ ਆਸ਼ਿਕ ਘੱਟ ਹੋ ਸਕਦੇ ਹਨ, ਕਿਸੇ ਵਿਚ ਵੱਧ। ਦਲੇਰੀ ਦੇ ਹਰ ਐਸੇ ਪ੍ਰਗਟਾਵੇ ਦੇ ਠੀਕ ਜਾਂ ਗਲਤ ਹੋਣ ਦੀ ਕਸਵੱਟੀ ਇਸ ਗੱਲ ’ਤੇ ਨਿਰਭਰ ਕਰਦੀ ਹੈ, ਉਸ ਦਾ ਮਨੁੱਖਤਾ ਨੂੰ ਨੁਕਸਾਨ ਹੋਇਆ ਜਾਂ ਫਾਇਦਾ। ਮਿਸਾਲ ਲਈ 9/11 ਨੂੰ ਅਮਰੀਕਾ ਵਿਚਲੇ ਆਤੰਕੀ ਹਮਲੇ ਨੇ ਉਨ੍ਹਾਂ ਹਜ਼ਾਰਾਂ ਮਾਸੂਮ ਲੋਕਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ, ਜਿਨ੍ਹਾਂ ਦਾ ਅਮਰੀਕਾ ਦੀਆਂ ਵਧੀਕੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਘੱਟੋ-ਘੱਟ ਗੁਰਮਤਿ ਦੀ ਸੇਧ ਤਾਂ ਐਸੇ ਵਰਤਾਰੇ ਨੂੰ ਗਲਤ ਹੀ ਮੰਨਦੀ ਹੈ। ਜਿਥੋਂ ਤੱਕ ਭਾਈ ਰਾਜੋਆਣੇ ਦੇ ਮਸਲੇ ਦੀ ਗੱਲ ਹੈ, ਉਹ ਇਸ ਪੱਖ ਤੋਂ ਸੁਰਖਰੂ ਹੈ, ਕਿਉਂਕਿ ਆਮ ਮੰਨੇ ਜਾਂਦੇ ਸੱਚ ਅਨੁਸਾਰ ਬੇਅੰਤ ਸਿੰਘ-ਕੇ. ਪੀ. ਐਸ. ਗਿੱਲ ਦੀ ਜੋੜੀ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਪੁਲਿਸ ਕਤਲੇਆਮ ਦਾ ਮੁੱਖ ਕਾਰਨ ਸੀ। ਸੋ ਇਹ ਬੇਅੰਤ ਸਿੰਘ ਦਾ ਕਤਲ ਕਿਸੇ ਬਦਲਾ ਲੈਣ ਲਈ ਨਹੀਂ, ਬਲਕਿ ਸਿੱਖ ਨੌਜਵਾਨਾਂ ਦੇ ਪੁਲਿਸ ਵਲੋਂ ਕਤਲੇਆਮ ਨੂੰ ਰੋਕਣ ਦੇ ਮਕਸਦ ਨਾਲ ਕੀਤਾ ਗਿਆ ਸੀ।
ਗੱਲ ਕਰਦੇ ਹਾਂ ਭਾਈ ਰਾਜੋਆਣੇ ਦੀ ਸੋਚ ਵਿਚਲੇ ਬ੍ਰਾਹਮਣਵਾਦੀ ਅੰਸ਼ਾਂ ਦੀ:
ਜੇ ਕੋਈ ਆਮ ਆਦਮੀ ਬ੍ਰਾਹਮਣੀ ਸੋਚ ਰੱਖਦਾ ਹੈ ਤਾਂ ਉਸ ਦਾ ਪ੍ਰਭਾਵ ਖੇਤਰ ਸੀਮਿਤ ਹੁੰਦਾ ਹੈ। ਪਰ ਜੇ ਕਿਸੇ ਲਹਿਰ ਦਾ ਹੀਰੋ (ਆਗੂ) ਐਸਾ ਕਰੇ ਤਾਂ ਉਸ ਦੀ ਪੜਚੋਲ ਫੌਰਨ ਜ਼ਰੂਰੀ ਬਣ ਜਾਂਦੀ ਹੈ, ਕਿਉਂਕਿ ਲਹਿਰ ਨਾਲ ਜੁੜੇ ਲੋਕਾਂ ਲਈ ਉਹ ‘ਰੋਲ ਮਾਡਲ’ (ਪ੍ਰੇਰਣਾਸ੍ਰੋਤ) ਬਣ ਜਾਂਦਾ ਹੈ। ਇਸ ਲਹਿਰ ਵਿਚੋਂ ਉੱਠ ਰਹੇ ਜ਼ਜਬਾਤੀ ਨਾਹਰੇ “ਰਾਜੋਆਣੇ ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ” ਵੀ ਇਸ ਦੀ ਮਿਸਾਲ ਹੈ। ਜਦਕਿ ਸਿੱਖ ਕੌਮ ਨਾਲ ਜੁੜੀ ਹਰ ਲਹਿਰ ਦਾ ਨਾਅਰਾ ਕੁਝ ਇਸ ਤਰ੍ਹਾਂ ਹੋਣਾ ਚਾਹੀਦਾ ਹੈ:
“ਗੁਰਮਤਿ ਦੀ ਸੋਚ (ਸੇਧ) ’ਤੇ, ਪਹਿਰਾ ਦਿਆਂਗੇ ਠੋਕ ਕੇ”
ਕਿਉਂਕਿ ਕਿਸੇ ਇਕ ਆਗੂ ਦੀ ਸੋਚ ਪੂਰੀ ਤਰ੍ਹਾਂ ਗੁਰਮਤਿ ਅਨੁਸਾਰੀ ਹੋਣਾ ਬਹੁਤ ਮੁਸ਼ਕਿਲ ਹੈ। ਹੁਣ ਤੱਕ ਤਾਂ ਐਸਾ ਕੋਈ ਆਗੂ/ਰੋਲ ਮਾਡਲ ਆਧੁਨਿਕ ਸਮੇਂ ਵਿਚ ਸਾਹਮਣੇ ਨਹੀਂ ਆਇਆ। ਐਸੇ ਨਾਅਰੇ ਅਕਸਰ ਗੁਰਮਤਿ ਨੂੰ ਅਣਦੇਖਿਆ ਕਰਕੇ ਵਕਤੀ ਤੌਰ ’ਤੇ ਪੈਦਾ ਹੋਏ ਜ਼ਜਬਾਤਾਂ ਦਾ ਪ੍ਰਗਟਾਵਾ ਹੀ ਹੁੰਦੇ ਹਨ। ਐਸੇ ਨਾਅਰੇ ਲੋਕਾਈ ਦੇ ‘ਸਿਧਾਂਤ-ਪ੍ਰਸਤ’ ਹੋਣ ਦੀ ਥਾਂ ‘ਸ਼ਖਸੀਅਤ-ਪ੍ਰਸਤ’ ਹੋਣ ਦਾ ਸੁਨੇਹਾ ਹੀ ਦਿੰਦੇ ਹਨ। ਗੱਲ ਚੱਲ ਰਹੀ ਸੀ ਭਾਈ ਰਾਜੋਆਣਾ ਸੀ ਸੋਚ ਵਿਚਲੇ ਬ੍ਰਾਹਮਣਵਾਦੀ ਅੰਸ਼ਾਂ ਦੀ। ਭਾਈ ਰਾਜੋਆਣਾ ਵਲੋਂ ਕੀਤੀ ਵਸੀਅਤ ਦੇ ਇਹ ਅੰਸ਼ ਇਸ ਪੱਖੋ ਪੜਚੋਲ ਮੰਗਦੇ ਹਨ।
1. ਮੇਰੀਆਂ ਅੱਖਾਂ (ਫਾਂਸੀ ਤੋਂ ਬਾਅਦ) ਦਰਬਾਰ ਸਾਹਿਬ ਵਿਚਲੇ ਇਕ ਸੂਰਮੇ ਰਾਗੀ ਸਿੰਘ ਨੂੰ ਦਾਨ ਕਰ ਦਿਤੀਆਂ ਜਾਣ ਤਾਂ ਕਿ ਉਨ੍ਹਾਂ ਅੱਖਾਂ ਰਾਹੀਂ ਮੈਂ ਪਵਿੱਤਰ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਦਾ ਰਹਾਂ।
ਪੜਚੋਲ: ਭਾਈ ਰਾਜੋਆਣਾ ਵਲੋਂ ਫਾਂਸੀ ਤੋਂ ਬਾਅਦ ਸ਼ਰੀਰ ਦੇ ਅੰਗ ਦਾਨ ਕਰਨ ਦੀ ਸੋਚ ਗੁਰਮਤਿ ਦੀ ਸੇਧ ਵਿਚ ਹੈ। ਪਰ ਕਿਸੇ ਰਾਗੀ ਨੂੰ ਸਿਰਫ ਇਸ ਕਰਕੇ ਅੱਖਾਂ ਦਾਨ ਕਰਨ ਦੀ ਇੱਛਾ ਕਿ ਕਿਸੇ ਥਾਂ (ਬਿਲਡਿੰਗ) ਖਾਸ ਦੇ ਦਰਸ਼ਨ ਹੁੰਦੇ ਰਹਿਣ ਵਾਲੀ ਸੋਚ ਗੁਰਮਤਿ ਅਨੁਸਾਰੀ ਨਹੀਂ। ਗੁਰਮਤਿ ਕਿਸੇ ਥਾਂ ਵਿਸ਼ੇਸ਼ ਦੇ ਪਵਿੱਤਰ ਮੰਨਣ ਦੀ ਸੋਚ ਦੀ ਪ੍ਰੋੜਤਾ ਨਹੀਂ, ਖਿਲਾਫਤ ਕਰਦੀ ਹੈ। ਗੁਰਬਾਣੀ ਵਿਚ ਥਾਂ-ਥਾਂ ਤੀਰਥ ਯਾਤਰਾਵਾਂ/ਇਸ਼ਨਾਨਾਂ ਦਾ ਖੰਡਨ ਕਿਸੇ ਥਾਂ ਜਾਂ ਬਿਲਡਿੰਗ ਦੇ ‘ਪਵਿੱਤਰ’ ਮੰਨਣ ਦੀ ਸੋਚ ਨੂੰ ਭਰਮ (ਗਲਤ) ਦੱਸਦੀ ਹੈ। ਦਰਬਾਰ ਸਾਹਿਬ ਕੰਪਲੈਕਸ ਦੀ ਉਸਾਰੀ ਕੌਮ ਦੇ ਇਕ ਕੇਂਦਰ ਵਜੋਂ ਕੀਤੀ ਗਈ ਸੀ ਨਾ ਕਿ ਕਿਸੇ ਤੀਰਥ ਵਾਂਗੂ। ਭਾਈ ਰਾਜੋਆਣੇ ਦੀ ਵਸੀਅਤ ਦੇ ਇਹ ਅੰਸ਼ ਆਮ ਸਿੱਖ ਮਾਨਸਿਕਤਾ ਵਿਚ ਘਰ ਕਰ ਚੁੱਕੇ ਉਸ ਬ੍ਰਾਹਮਣਵਾਦ ਦਾ ਪ੍ਰਗਟਾਵਾ ਹਨ, ਜੋ ਬ੍ਰਾਹਮਣੀ ਤੀਰਥਾਂ ਨੂੰ ਰੱਦ ਕਰਕੇ ਆਪਣੇ ਨਵੇਂ ਤੀਰਥ ਘੱੜ ਲੈਣ ਦੀ ਸੋਚ ਹੈ। ਇਹ ਵੀ ਅਫਸੋਸਜਨਕ ਹਕੀਕਤ ਹੈ ਕਿ ਕੌਮ ਨੇ ਕੇਂਦਰ ਦੇ ਤੌਰ ’ਤੇ ਉਸਾਰੇ ‘ਦਰਬਾਰ ਸਾਹਿਬ’ ਕੰਪਲੈਕਸ ਨੂੰ ਇਕ ਤੀਰਥ ਦਾ ਰੂਪ ਦੇਂਦੇ ਹੋਏ ਗੁਰਮਤਿ ਵੱਲ ਪਿੱਠ ਕਰ ਲਈ। ਇਹ ਤੀਰਥ ਹੁਣ ਅਨੇਕਾਂ ਮਨਮੱਤਾਂ ਦਾ ਘਰ ਬਣ ਚੁੱਕਿਆ ਹੈ। ਤੀਰਥਾਂ ਦੀ ਸੂਚੀ ਸਿਰਫ ਅੰਮ੍ਰਿਤਸਰ ਤੱਕ ਹੀ ਸੀਮਿਤ ਨਹੀਂ ਰਹੀ, ਸਿੱਖਾਂ ਨੇ ਆਪਣੇ ਅਨੇਕਾਂ ਇਤਹਾਸਿਕ/ਮਿਥਿਹਾਸਿਕ ਸਥਾਨਾਂ ਨੂੰ ‘ਬ੍ਰਾਹਮਣੀ’ ਤਰਜ਼ ਦੇ ਤੀਰਥ ਬਣਾ ਕੇ ਗੁਰਮਤਿ ਤੋਂ ਮੂੰਹ ਫੇਰਿਆ ਹੋਇਆ ਹੈ।
ਅੱਖਾਂ ਨਾਲ ਕਿਸੇ ਬਿਲਡਿੰਗ ਦੇ ਪਵਿੱਤਰ ਦਰਸ਼ਨਾਂ ਦੀ ਤਾਂਘ ਕਰਨ ਵਾਲੀ ਸੋਚ ਅਗਰ ਗੁਰਬਾਣੀ ਦੇ ਇਹ ਅੰਸ਼ ਵਿਚਾਰ ਲਵੇ: “ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥1॥ (ਪੰਨਾ 577)” ਤਾਂ ਭਰਮ ਭੁਲੇਖੇ ਨਾ ਰਹਿਣ। ਵੈਸੇ ਵੀ ਮੈਡੀਕਲ ਸਾਇੰਸ ਦੇ ਨਜ਼ਰੀਏ ਤੋਂ ਵੀ ਭਾਈ ਰਾਜੋਆਣਾ ਦੀ ਇਹ ਸੋਚ ਨਾ-ਵਾਕਿਫ ਲਗਦੀ ਹੈ। ਮੈਡੀਕਲ ਸਾਇੰਸ ਦੀ ਆਮ ਜਾਣਕਾਰੀ ਰੱਖਣ ਵਾਲਾ ਹਰ ਸ਼ਖਸ ਇਹ ਜਾਣਦਾ ਹੈ ਕਿ ਸ਼ਰੀਰਕ ਅੱਖਾਂ ਸਿਰਫ ਕਿਸੇ ਵਸਤੂ ਨੂੰ ਦੇਖਣ ਦਾ ਇਕ ਸਾਧਨ ਹਨ, ਪਰ ਕਿਸੇ ਵਸਤੂ ਪ੍ਰਤੀ ਵੇਖਣ ਦਾ ਨਜ਼ਰੀਆ ਅਸਲ ਵਿਚ ‘ਦਿਮਾਗ’ ਦਾ ਹੁੰਦਾ ਹੈ। ਦਿਮਾਗ ਹੀ ਸ਼ਰੀਰ ਦੇ ਹੋਰ ਬਹੁੱਤੇ ਅੰਗਾਂ ਵਾਂਗੂ ‘ਅੱਖਾਂ’ ਨੂੰ ਕੰਟਰੋਲ ਕਰਦਾ ਹੈ। ਸੋ ਉਸ ਰਾਗੀ ਵੀਰ ਵਿਚ ਅੱਖਾਂ ਲੱਗਣ ਤੋਂ ਬਾਅਦ ਨਜ਼ਰੀਆ ਉਸ ਰਾਗੀ ਦਾ ਰਹੇਗਾ, ਨਾ ਕਿ ਭਾਈ ਰਾਜੋਆਣੇ ਦਾ। ਜਿਆਦਾ ਸਪਸ਼ਟਤਾ ਲਈ, ਮੰਨ ਲਵੋ ਭਾਈ ਰਾਜੋਆਣੇ ਦੀ ਅੱਖਾਂ ਲੱਗਣ ਤੋਂ ਬਾਅਦ ਮਿਲੀ ਰੌਸ਼ਨੀ ਨਾਲ ਉਹ ਰਾਗੀ ਸਿੰਘ ਕਿਸੇ ਇਸਤਰੀ ਵੱਲ ਗਲਤ ਨਜ਼ਰ ਨਾਲ ਵੇਖਦਾ ਹੈ ਤਾਂ ਕੀ ਇਹ ਮੰਨਿਆ ਜਾਵੇਗਾ ਕਿ ਇਹ ਗਲਤ ਨਜ਼ਰ ‘ਰਾਜੋਆਣੇ’ ਦੀ ਹੈ? ਨਹੀਂ, ਬਿਲਕੁਲ ਨਹੀਂ।
ਸੋ ਸਪਸ਼ਟ ਹੈ, ਭਾਈ ਰਾਜੋਆਣੇ ਦੀ ਵਸੀਅਤ ਦੇ ਇਹ ਅੰਸ਼, ਗੁਰਮਤਿ ਦੀ ਅਗਿਆਨਤਾ/ਅਨਦੇਖੀ ਕਾਰਨ ਪੈਦਾ ਹੋਏ ਉਨ੍ਹਾਂ ਜ਼ਜਬਾਤਾਂ ਦਾ ਪ੍ਰਗਟਾਵਾ ਹਨ, ਜੋ ਅੱਜ ਆਮ ਸਿੱਖ ਮਾਨਸਿਕਤਾ ਵਿਚ ਘਰ ਕਰ ਚੁੱਕੇ ਹਨ। ਐਸੇ ਜ਼ਜਬਾਤਾਂ ਨੂੰ ਹੱਲਾ-ਸ਼ੇਰੀ ਦੇਣ ਦੀ ਥਾਂ ਉਨ੍ਹਾਂ ਦੀ ਸਵੈ-ਪੜਚੋਲ ਕਰਨ ਦੀ ਲੋੜ ਹੈ।
(2) ਮੈਂ ਅਕਾਲ ਤਖਤ ਨੂੰ ਸਮਰਪਿਤ ਹਾਂ, ਇਸ ਲਈ ਗਿਆਨੀ ਗੁਰਬਚਨ ਸਿੰਘ ਜਥੇਦਾਰ ਅਕਾਲ ਤਖਤ ਨੂੰ ਹੀ ਮਿਲਣਾ ਚਾਹਾਂਗਾ।
ਪੜਚੋਲ: ਭਾਈ ਰਾਜੋਆਣਾ ਨੇ ਆਪਣੀ ਵਸੀਅਤ ਵਿਚ ਗਿਆਨੀ ਗੁਰਬਚਨ ਸਿੰਘ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ ਕਿਉਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਉਹ ਅਕਾਲ ਤਖਤ ਨੂੰ ਸਮਰਪਿਤ ਹਨ। ਗਿਆਨੀ ਗੁਰਬਚਨ ਸਿੰਘ ਸਮੇਤ ਪਿੱਛਲੇ ਸਮੇਂ ਵਿਚ ਅਕਾਲ ਤਖਤ ’ਤੇ ਕਾਬਜ਼ ਲੋਕ ‘ਜਥੇਦਾਰ’ ਨਹੀਂ, ਭ੍ਰਿਸ਼ਟ ਹਾਕਮਾਂ ਦੇ ਗੁਲਾਮ ਬੇਈਮਾਨ ‘ਪੁਜਾਰੀ’ ਹਨ। ਸੋ ਇਨ੍ਹਾਂ ਦੀ ਅਖੌਤੀ ਜਥੇਦਾਰੀ ਨੂੰ ਮਾਨਤਾ ਪ੍ਰਦਾਨ ਕਰਨਾ ਗੁਰਮਤਿ ਪ੍ਰਤੀ ਅਗਿਆਨਤਾ ਦਾ ਹੀ ਪ੍ਰਗਟਾਵਾ ਹੈ। ਜੇ ਇਸ ਪੁਜਾਰੀ ਨੂੰ ਹੀ ਅਕਾਲ ਤਖਤ (ਦਾ ਜਥੇਦਾਰ) ਮੰਨਣਾ ਹੈ ਤਾਂ ਬਾਦਲ ਨੂੰ ਪੰਥ ਰਤਨ ਦਾ ਖਿਤਾਬ ਦੇਣ, ਨਾਨਕਸ਼ਾਹੀ ਕੈਲੰਡਰ ਦੇ ਕਤਲ ਸਮੇਤ ਉਨ੍ਹਾਂ ਸਾਰੇ ਕੂੜ ਕਰਮਾਂ ਨਾਲ ਵੀ ਭਾਈ ਰਾਜੋਆਣਾ ਦੀ ਸਹਿਮਤੀ ਮੰਨੀ ਜਾਵੇਗੀ, ਜੋ ਇਸ ਪੁਜਾਰੀ (ਜਥੇਦਾਰ) ਦੀ ਸਰਪ੍ਰਸਤੀ ਹੇਠ ‘ਅਕਾਲ ਤਖਤ’ ਦੇ ਨਾਮ ਹੇਠ ਕੀਤੇ ਹਨ।
ਖੈਰ! ਭਾਈ ਰਾਜੋਆਣਾ ਦੀ ਇਹ ਇੱਛਾ ਪੂਰੀ ਹੋ ਗਈ ਹੈ ਅਤੇ ਇਸ ਪੁਜਾਰੀ ਨੇ ‘ਪਵਿੱਤਰ ਜਲ’ ਦੀਆਂ ਕੈਨੀਆਂ ਇਸ਼ਨਾਨ ਲਈ ਬਖਸ਼ ਕੇ ਫਾਂਸੀ ਤੋਂ ਪਹਿਲਾਂ ‘ਪਵਿਤ੍ਰ’ ਹੋਣ ਦਾ ਭਰਮ ਪ੍ਰਚਾਰ ਕੇ ਆਪਣਾ ਪੁਜਾਰੀਵਾਦੀ/ਬ੍ਰਾਹਮਣਵਾਦੀ ਚਿਹਰਾ ਵੀ ਦਿਖਾ ਦਿੱਤਾ ਹੈ। ਸੋ ਸਪਸ਼ਟ ਹੈ ਕਿ ਭਾਈ ਰਾਜੋਆਣਾ ਵਲੋਂ ਅਕਾਲ ਤਖਤ ਦੇ ਨਾਮ ਹੇਠ ਪੁਜਾਰੀਆਂ ਨੂੰ ਮਾਨਤਾ ਦੇਣਾ, ਗੁਰਮਤਿ ਸੇਧ ਪ੍ਰਤੀ ਅਣਦੇਖੀ/ਅਗਿਆਨਤਾ ਕਾਰਨ ਪੈਦਾ ਹੋਏ ਵਕਤੀ ਜ਼ਜਬਾਤ ਹੀ ਹਨ।
ਇਸ ਵਸੀਅਤ ਤੋਂ ਇਲਾਵਾ ਭਾਈ ਰਾਜੋਆਣਾ ਦੇ ਸਾਹਮਣੇ ਆਏ ਬਿਆਨਾਂ ਵਿਚ ਵੀ ਕੁਝ ਅੰਸ਼ ਸੰਪਰਦਾਈ (ਬ੍ਰਾਹਮਣੀ) ਸੋਚ ਦਾ ਪ੍ਰਗਟਾਵਾ ਕਰਦੇ ਹਨ। ਮਿਸਾਲ ਲਈ:
(1) ਫਾਂਸੀ ਤੋਂ ਪਹਿਲਾਂ ‘ਪਵਿਤ੍ਰ ਜਲ’ ਨਾਲ ਇਸ਼ਨਾਨ ਰਾਹੀਂ ਪਵਿਤ੍ਰ ਹੋਣ ਦਾ ਭਰਮ:
ਪੜਚੋਲ: ਭਾਈ ਰਾਜੋਆਣੇ ਦੇ ਅਖਬਾਰ ਵਿਚ ਆਏ ਬਿਆਨ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਫਾਂਸੀ (ਜੋ ਫਿਲਹਾਲ ਟਲ ਗਈ ਹੈ) ਤੋਂ ਪਹਿਲਾ ਅਕਾਲ ਤਖਤ ਦੇ ਜਥੇਦਾਰ (ਅਸਲ ਵਿਚ ਪੁਜਾਰੀ) ਵਲੋਂ ਬਖਸ਼ੇ ਪਵਿੱਤਰ ਸਰੋਵਰ ਦੇ ਜਲ ਨਾਲ ਇਸ਼ਨਾਨ ਕਰਣਗੇ। ਇਸ ਬਿਆਨ ਨਾਲ ਭਾਈ ਰਾਜੋਆਣਾ ਨੇ ਪੁਜਾਰੀਆਂ ਦੀ ਇਸ ਬ੍ਰਾਹਮਣੀ ਸੋਚ ਨੂੰ ਮਾਨਤਾ ਦੇ ਦਿੱਤੀ ਹੈ ਕਿ ਕਿਸੇ ‘ਵਿਸ਼ੇਸ਼ ਪਵਿੱਤਰ ਜਲ’ ਦੇ ਇਸ਼ਨਾਨ ਨਾਲ ਮਨੁੱਖ ਪਵਿਤ੍ਰ ਹੋ ਜਾਂਦਾ ਹੈ। ਬੇਸ਼ਕ ਪੁਜਾਰੀਆਂ ਦਾ ਕੰਮ ਤਾਂ ਆਦਿ ਕਾਲ ਤੋਂ ਹੀ ਐਸੇ ਭਰਮਾਂ ਦਾ ਪ੍ਰਚਾਰ ਕਰਕੇ ਲੋਕਾਈ ਦੀ ਸਰਬਪੱਖੀ ਲੁੱਟ ਕਰਨਾ ਰਿਹਾ ਹੈ (ਜੋ ‘ਦਰਬਾਰ ਸਾਹਿਬ’ ਸਮੇਤ ਸਿੱਖ ਗੁਰਦੁਆਰਿਆਂ ਵਿਚ ਆਮ ਵੇਖੀ ਜਾ ਸਕਦੀ ਹੈ)। ਪਰ ਭਾਈ ਰਾਜੋਆਣਾ ਦਾ ਇਸ ਭਰਮ ਨੂੰ ਮਾਨਤਾ ਦੇਣਾ ਉਨ੍ਹਾਂ ਦੀ ਗੁਰਮਤਿ ਸਿਧਾਂਤਾਂ ਪ੍ਰਤੀ ਅਗਿਆਨਤਾ ਦਾ ਪ੍ਰਗਟਾਵਾ ਅਤੇ ਅਫਸੋਸਜਨਕ ਹੈ। ਜੇ ਗੁਰਮਤਿ ਦੇ ਨਜ਼ਰੀਏ ਤੋਂ ਵੇਖੀਏ ਤਾਂ ਗੁਰਬਾਣੀ ਵਿਚ ਕਿਸੇ ‘ਵਿਸ਼ੇਸ਼ ਜਲ’ ਦੇ ਪਵਿੱਤਰ ਇਸ਼ਨਾਨ ਦੇ ਭਰਮ ਬਾਰੇ ਖਰਾ ਸੱਚ ਪ੍ਰਕਟ ਕਰਦੇ ਐਸੇ ਅਨੇਕਾਂ ਵਾਕ ਹਨ:
ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥
ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥2॥
(ਪੰਨਾ 484)

ਕੀ ਦਰਬਾਰ ਸਾਹਿਬ ਦੇ ਜਲ ਨੂੰ ਪਵਿੱਤਰ ਮੰਨਣ ਦੀ ਸੋਚ ਕਿਸੇ ਖਾਸ ਨਦੀ ਦੇ ਜਲ (ਗੰਗਾ ਜਲ) ਨੂੰ ਪਵਿੱਤ੍ਰ ਮੰਨਣ ਦੀ ਸੋਚ ਦੀ ਗੁਲਾਮ ਨਹੀਂ ਹੈ? ਅਫਸੋਸ! ਅਸੀਂ ਨਾਨਕ ਸਰੂਪਾਂ ਵਲੋਂ ਸਥਾਪਿਤ ਅਦਾਰਿਆਂ/ਵਿਵਸਥਾਵਾਂ ਦੇ ਅਸਲ ਮਕਸਦ ਨੂੰ ਵਿਸਾਰ ਕੇ ਉਨ੍ਹਾਂ ਨੂੰ ਬ੍ਰਾਹਮਣੀ ਸੰਸਥਾਵਾਂ ਦਾ ਰੂਪ ਦੇ ਦਿੱਤਾ।
2. ਕੇਸਰੀ ਰੰਗ ਦੇ ਝੰਡੇ/ਝੰਡੀਆਂ ਘਰਾਂ ’ਤੇ ਲਹਿਰਾਉਣ ਦੀ ਇੱਛਾ:
ਪੜਚੋਲ : ਗੁਰਮਤਿ ਦੇ ਨਜ਼ਰੀਏ ਤੋਂ ਪੜਚੋਲ ਕਰੀਏ ਤਾਂ ਗੁਰਮਤਿ ਕਿਸੇ ਰੰਗ ਵਿਸ਼ੇਸ਼ ਦੇ ਮਹੱਤਵ ਨੂੰ ਨਕਾਰਦੀ ਹੈ। ਕੌਮ ਦੇ ਏਕਤਾ ਨਾਲ ਜੋੜ ਕੇ ਕਿਸੇ ਇਕ ‘ਕੌਮੀ ਨਿਸ਼ਾਨ’ ਲਈ ਕਿਸੇ ਰੰਗ ਦੀ ਲੋੜ ਨੂੰ ਮੰਨਿਆ ਜਾ ਸਕਦਾ ਹੈ। ਇਸ ਪੱਖ ਤੋਂ ਵੀ ਇਤਿਹਾਸਿਕ ਤੱਥ ਪੜਚੋਲਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਦਸਵੇਂ ਪਾਤਸ਼ਾਹ ਜੀ ਵੇਲੇ ‘ਨਿਸ਼ਾਨ’ ਦਾ ਰੰਗ ਨੀਲਾ ਹੁੰਦਾ ਸੀ। ਸਿੱਖ ਰਹਿਤ ਮਰਿਯਾਦਾ ਵਿਚ ਵੀ ‘ਨਿਸ਼ਾਨ ਸਾਹਿਬ’ ਦੇ ਕਪੜੇ ਦਾ ਰੰਗ ‘ਬਸੰਤੀ ਜਾਂ ਸੁਰਮਈ’ ਮਿਲਦਾ ਹੈ। ਫੇਰ ਇਹ ‘ਕੇਸਰੀ’ ਰੰਗ ‘ਕੌਮੀ ਰੰਗ’ ਕਿਵੇਂ ਸਥਾਪਿਤ ਹੋ ਗਿਆ, ਜਿਸ ਨੂੰ ਨਾ ਤਾਂ ਪ੍ਰਮਾਣਿਕ ਇਤਿਹਾਸ ਮਾਨਤਾ ਦੇਂਦਾ ਹੈ, ਨਾ ਹੀ ਸਿੱਖ ਰਹਿਤ ਮਰਿਯਾਦਾ? ਦਿਲਚਸਪ ਗੱਲ ਇਹ ਹੈ ਕਿ ‘ਕੇਸਰੀ’ (ਭਗਵਾਂ) ਰੰਗ ਦਾ ਸੰਬੰਧ ਬ੍ਰਾਹਮਣੀ ਜਮਾਤ ‘ਆਰ. ਐਸ. ਐਸ.’ ਨਾਲ ਜੁੜਦਾ ਹੈ, ਇਸ ਲਈ ਬ੍ਰਾਹਮਣੀਕਰਣ ਲਈ ‘ਭਗਵਾਂਕਰਣ’ ਲਫਜ਼ ਵੀ ਵਰਤਿਆ ਜਾਂਦਾ ਹੈ। ਕੀ ਇਹ ਇਸ ਤਲਖ ਹਕੀਕਤ ਨੂੰ ਬਿਆਨ ਨਹੀਂ ਕਰਦਾ ਕਿ ਸਿੱਖ ਸਮਾਜ ਦੀ ਸੋਚ ਵਾਂਗੂ ਸਿੱਖ ਕੌਮ ਦੇ ‘ਕੌਮੀ ਨਿਸ਼ਾਨ’ ਦਾ ਵੀ ‘ਭਗਵਾਂਕਰਣ’ (ਬ੍ਰਾਹਮਣੀਕਰਣ) ਹੋ ਚੁੱਕਾ ਹੈ? ਅਫਸੋਸ ! ਵਕਤੀ ਜ਼ਜਬਾਤਾਂ ਹੇਠ ਭਾਈ ਰਾਜੋਆਣਾ ਸਮੇਤ ਸਾਰੀ ਕੌਮ ਹੀ ਇਸ ਭਗਵੇਂ ਰੰਗ ਹੇਠ ਹੀ ‘ਭਗਵੇਂਕਰਣ’ (ਬ੍ਰਾਹਮਣਵਾਦ) ਖਿਲਾਫ ਲੜਾਈ ਲੜਣ ਦਾ ਭਰਮ ਪਾਲੀ ਬੈਠੇ ਹਨ।
ਇਸ ਲਹਿਰ ਨਾਲ ਜੁੜੇ ਲੀਡਰਾਂ ਦੀ ਇਸ ਨਜ਼ਰੀਏ ਤੋਂ ਪੜਚੋਲ:
ਇਸ ਵਿਚ ਕੋਈ ਦੋ ਰਾਇ ਨਹੀਂ ਕਿ ਇਸ ਲਹਿਰ ਨਾਲ ਜੁੜੇ ਰਾਜਨੀਤਕਾਂ ਅਤੇ ਪੁਜਾਰੀਆਂ ਤੋਂ ਇਲਾਵਾ ਸ਼ਾਇਦ ਸਾਰਾ ਹੀ ਪੰਥ ਸੁਹਿਰਦ ਹੈ। ਇਸ ਲਹਿਰ ਨਾਲ ਕਈਂ ਪੰਥਕ ਸ਼ਖਸੀਅਤਾਂ ਵੀ ਜੁੜੀਆਂ ਹਨ। ਇਸ ਪ੍ਰਥਾਇ ਇਕ 8 ਮੈਂਬਰੀ ਅਗਵਾਈ ਵਿਚ ‘ਸੰਘਰਸ਼ ਮੋਰਚਾ’ ਵੀ ਬਣਾਇਆ ਗਿਆ। ਪਰ ਇਸ ਮੋਰਚੇ ਦੇ ਆਗੂਆਂ ਸਮੇਤ ਲਗਭਗ ਹਰ ਕੋਈ ਅਗਵਾਈ ਲਈ ਫੇਰ ਉਨ੍ਹਾਂ ਪੁਜਾਰੀਆਂ ਵੱਲ ਹੀ ਵੇਖਣ ਲੱਗ ਪਿਆ (ਬੇਨਤੀਆਂ ਕਰਨ ਲੱਗ ਪਿਆ) ਜਿਨ੍ਹਾਂ ਨੇ ‘ਅਕਾਲ ਤਖਤ’ ਦੇ ਨਾਮ ਉਤੇ ਕੌਮ ਨੂੰ ਹਮੇਸ਼ਾਂ ਨਮੋਸ਼ੀ ਦਾ ਸਾਹਮਣਾ ਹੀ ਕਰਵਾਇਆ ਹੈ। ‘ਸੌਦਾ ਸਾਧ’ ਅਤੇ ਹੋਰ ਮਾਮਲਿਆਂ ਵਿਚ ਇਨ੍ਹਾਂ ਪੁਜਾਰੀਆਂ ਦੀ ਅਗਵਾਈ ਕਾਰਨ ਆਈ ਨਮੋਸ਼ੀ ਸਭ ਦੇ ਸਾਹਮਣੇ ਸੀ। ਇਨ੍ਹਾਂ ਤੋਂ ਕਿਸੇ ਚੰਗੇ ਦੀ ਆਸ ਕਰਨਾ ਵੀ ਮੂਰਖਤਾ ਤੋਂ ਘੱਟ ਨਹੀਂ, ਕਿਉਂਕਿ ਇਨ੍ਹਾਂ ਨੇ ਆਪਣੇ ਆਕਾਵਾਂ (ਭ੍ਰਿਸ਼ਟ ਹਾਕਮਾਂ) ਦੀ ਸਵਾਰਥ ਪੂਰਤੀ ਲਈ ਹੀ ਕੰਮ ਕਰਨਾ ਹੈ, ਕੌਮ ਲਈ ਨਹੀਂ। ਹੈਰਾਨਗੀ ਦੀ ਗੱਲ ਹੈ ਪੰਥ ਦੇ ਸੁਚੇਤ ਆਗੂ ਕਹਿਲਾਉਣ ਵਾਲੇ ਹਰ ਪੰਥਕ ਮਸਲੇ ਵਿਚ ਨਮੋਸ਼ੀ ਆਉਣ ਤੋਂ ਬਾਅਦ ਇਨ੍ਹਾਂ ਪੁਜਾਰੀਆਂ ਨੂੰ ਕੋਸਦੇ ਰਹਿੰਦੇ ਹਨ, ਪਰ ਜਦੋਂ ਕੋਈ ਨਵਾਂ ਮਸਲਾ ਸਾਹਮਣੇ ਆਉਂਦਾ ਹੈ, ਉਨ੍ਹਾਂ ਪੁਜਾਰੀਆਂ ਸਾਹਮਣੇ ਹੀ ਅਗਵਾਈ ਲਈ ਲੇਲੜੀਆਂ ਕੱਢਣ ਲੱਗ ਪੈਂਦੇ ਹਨ।
ਲਹਿਰ ਨਾਲ ਜੁੜੇ ਇਨ੍ਹਾਂ ਆਗੂਆਂ ਨੇ ਵੀ ਕੌਮੀ ਰੰਗ ਦੇ ‘ਭਗਵੇਂਕਰਣ’ ਵਿਰੁਧ ਕੋਈ ਅਵਾਜ਼ ਉਠਾਉਣ ਦੀ ਥਾਂ ਇਸ ਦੇ ਹੱਕ ਵਿਚ ਹੀ ਪਹਿਰਾ ਦਿੱਤਾ। ਇਸੇ ਤਰ੍ਹਾਂ ਭਾਈ ਰਾਜੋਆਣਾ ਦੀ ਫਾਂਸੀ ਰੁਕਾਵਉਣ ਲਈ ਪੁਜਾਰੀਆਂ ਵਲੋਂ ਸੁਝਾਏ ਬ੍ਰਾਹਮਣੀ ਕਰਮਕਾਂਡਾਂ ਖਿਲਾਫ ਕੋਈ ਅਵਾਜ਼ ਉਠਾਉਣ ਦੀ ਥਾਂ, ਆਪ ਉਸੇ ਰੰਗ ਵਿਚ ਰੰਗ ਗਏ।
ਕੁਝ ਪੜਚੋਲ ‘ਅਖੌਤੀ ਜਥੇਦਾਰਾਂ’ ਸਮੇਤ ਬਹੁਤੇ ਪੁਜਾਰੀਆਂ ਦੀ ਭੂਮਿਕਾ ਬਾਰੇ:
ਕਿਸੇ ਕੌਮ ਵਿਚਲਾ ਪੁਜਾਰੀ ਤਬਕਾ ਤਾਂ ਹਮੇਸ਼ਾਂ ਇਸੇ ਤਾਕ ਵਿਚ ਰਹਿੰਦਾ ਹੈ ਕਿ ਕਦੋਂ ਮੌਕਾ ਮਿਲੇ ਅਤੇ ਲੋਕਾਈ ਨੂੰ ‘ਧਰਮ’ ਦੇ ਨਾਮ ’ਤੇ ਕਰਮਕਾਂਡਾਂ ਵਿਚ ਉਲਝਾ ਦਿੱਤਾ ਜਾਵੇ। ਰਾਜੋਆਣੇ ਦੇ ਮਸਲੇ ’ਤੇ ਵੀ ਪੁਜਾਰੀਆਂ (ਸਣੇ ਅਖੌਤੀ ਜਥੇਦਾਰਾਂ ਦੇ) ਨੇ ਐਸੇ ਕਰਮਕਾਂਡ ਫੈਲਾਉਣ ਵਿਚ ਕੋਈ ਕਸਰ ਨਹੀਂ ਛੱਡੀ। ਅਕਾਲ ਤਖਤ ਦੇ ਨਾਮ ’ਤੇ ਕਾਬਜ਼ ‘ਪੁਜਾਰੀਆਂ ਦੀ ਚੌਂਕੜੀ’ ਨੇ ਸਾਰੀ ਕੌਮ ਨੂੰ ਆਦੇਸ਼ ਜਾਰੀ ਕਰ ਦਿੱਤਾ ਕਿ ‘ਅਖੰਡ ਪਾਠ’ (ਅਸਲ ਵਿਚ ਕਰਮਕਾਂਡ) ਕਰਵਾਏ ਜਾਣ। ਅਫਸੋਸ ਤਾਂ ਉਸ ਵੇਲੇ ਹੋਇਆ ਜਦੋਂ ਅਸੀਂ ਬਹੁਤ ਜਾਗਰੂਕ ਮੰਨੇ ਜਾਂਦੇ ਵੀਰ ਨੂੰ ਕਿਸੇ ਸਮਾਗਮ ਵਿਚ ਹਾਜ਼ਰੀ ਭਰਣ ਦੀ ਬੇਨਤੀ ਕੀਤੀ ਤਾਂ ਉਸ ਨੇ ਮਜ਼ਬੂਰੀ ਜਤਾਉਂਦੇ ਹੋਏ ਕਿਹਾ, ਕਿ ਮੈਂ ਸ਼ਾਮਿਲ ਨਹੀਂ ਹੋ ਸਕਦਾ ਕਿਉਂਕਿ ਉਸ ਸਮੇਂ ‘ਪੁਜਾਰੀਆਂ’ ਦੇ ਆਦੇਸ਼ ਅਨੁਸਾਰ ਅਸੀਂ ਪਿੰਡ ਦੇ ਗੁਰਦੁਆਰੇ ਵਿਚ ‘ਅਖੰਡ ਪਾਠ’ ਰੱਖਵਾਇਆ ਹੋਇਆ ਹੈ। ਜਦ ਉਸ ਨੂੰ ਪੁਛਿਆ ਕਿ ਕੀ ‘ਅਖੰਡ ਪਾਠ’ ਮਨਮੱਤ ਨਹੀਂ? ਉਸਦਾ ਜਵਾਬ ਸੀ ਕਿ ਵੀਰੋ ਹੈ ਤਾਂ ਇਹ ਪਾਖੰਡ ਹੀ ਹੈ, ਪਰ ਕੌਮੀ ਆਦੇਸ਼ ਹੈ। ਜਾਗਰੂਕ ਮੰਨੇ ਜਾਂਦੇ ਸੱਜਣਾਂ ਵਲੋਂ ਵੀ ‘ਗੁਰਮਤਿ ਸਿਧਾਂਤਾਂ’ ਨੂੰ ਪਿੱਠ ਵਿਖਾਉਣ ਵਾਲੀ ਇਹ ਪਹੁੰਚ ਵੇਖ ਕੇ ਅਫਸੋਸ ਤੋਂ ਇਲਾਵਾ ਕੀਤਾ ਵੀ ਕੀ ਜਾ ਸਕਦਾ ਹੈ? ਇਸੇ ਤਰਜ਼ ’ਤੇ ਕੋਈ ਪੁਜਾਰੀ ‘ਬੇਨਤੀ ਚੌਪਈ’ (ਕੱਚੀ ਰਚਨਾ) ਦੇ ਜਾਂ ਕੋਈ ਕਿਸੀ ਹੋਰ ਬਾਣੀ ਦੇ ਗਿਣਤੀ-ਮਿਣਤੀ ਦੇ ‘ਤੋਤਾ ਰਟਨੀ’ ਪਾਠ ਕਰਨ ਦੀ ਸਲਾਹ ਦੇ ਰਿਹਾ ਹੈ। ਰੋਜ਼ਾਨਾ ਸਪੋਕਸਮੈਨ ਵਿਚ ਛਪੀ ਖਬਰ ਅਨੁਸਾਰ ਇਕ ਬੀਬੀ ਨੇ ਇਸੇ ਬ੍ਰਾਹਮਣਵਾਦੀ ਸੋਚ ਦੇ ਪ੍ਰਭਾਵ ਹੇਠ ‘ਵਾਹਿਗੁਰੂ’ ਲਫਜ਼ ਦੇ ਚੰਦ ਕੁ ਦਿਨਾਂ ਵਿਚ ਲੱਖਾਂ ਤੋਤਾ-ਰਟਨੀ ਜਾਪ ਕਰਕੇ ਦਾਅਵਾ ਕੀਤਾ ਹੈ ਕਿ ਰਾਜੋਆਣੇ ਦੀ ਫਾਂਸੀ ਰੁੱਕ ਜਾਵੇਗੀ। ਭਾਈ ਰਾਜੋਆਣੇ ਦੀ ਇੱਛਾ ਅਨੁਸਾਰ ਅਕਾਲ ਤਖਤ ਦੇ ਨਾਮ ’ਤੇ ਪੁਜਾਰੀਆਂ ਨੇ ਵੀ ‘ਕੇਸਰੀ’ (ਭਗਵਾਂ) ਝੰਡੇ ਲਹਿਰਾਉਣ ਦਾ ਆਦੇਸ਼ ਜਾਰੀ ਕਰ ਦਿੱਤਾ।
ਅਕਾਲ ਤਖਤ ਦੇ ਨਾਮ ਦੇ ਕਾਬਿਜ਼ ਪੁਜਾਰੀਆਂ ਨੇ ਸਰੋਵਰ ਵਾਲੇ ਜਲ ਦੇ ‘ਪਵਿਤ੍ਰ’ ਹੋਣ ਦਾ ਵਹਿਮ ਪ੍ਰਚਾਰ ਕੇ ਪਾਣੀ ਦੀਆਂ ਦੋ ਕੈਨੀਆਂ ਵੀ ਫਾਂਸੀ ਤੋਂ ਪਹਿਲਾਂ ‘ਇਸ਼ਨਾਨ’ ਰਾਹੀਂ ਪਵਿਤ੍ਰ ਹੋਣ ਲਈ ਭਾਈ ਰਾਜੋਆਣੇ ਨੂੰ ਦਿਤੀਆਂ ਹਨ, ਜਿਸ ਨੂੰ ਰਾਜੋਆਣਾ ਵੀਰ ਨੇ ‘ਅੰਨ੍ਹੀ ਸ਼ਰਧਾ’ ਹੇਠ ਖਿੜੇ ਮੱਥੇ ਸਵੀਕਾਰ ਵੀ ਕਰ ਲਿਆ। ਹੋ ਸਕਦਾ ਹੈ ਭਵਿੱਖ ਵਿਚ ਪਟਨੇ ਅਤੇ ਨਾਂਦੇੜ ਦੇ ਪੁਜਾਰੀਆਂ ਵਲੋਂ ਭਾਈ ਰਾਜੋਆਣਾ ਲਈ ਅਖੌਤੀ ਤਖਤਾਂ ਦਾ ‘ਪਵਿਤ੍ਰ ਤਿਲਕ’ ਵੀ ਪਹੁੰਚ ਜਾਵੇ ਅਤੇ ਸ਼ਾਇਦ ਭਾਈ ਰਾਜੋਆਣਾ (ਅੰਨ੍ਹੀ ਸ਼ਰਧਾ) ਹੇਠ ਉਸ ਤਿਲਕ ਨੂੰ ‘ਤਖਤਾਂ’ ਦਾ ਆਸ਼ੀਰਵਾਦ ਸਮਝ ਕੇ ਫਾਂਸੀ ਤੋਂ ਪਹਿਲਾਂ ਮੱਥੇ ਤੇ ਲਗਾਉਣ ਦਾ ਮਨ ਬਣਾ ਲਵੇ।
ਕੁਝ ਪੜਚੋਲ ਇਸ ਲਹਿਰ ਨਾਲ ਜੁੜੇ ਆਮ ਸਿੱਖਾਂ ਬਾਰੇ:
ਜਦੋਂ ਭਾਈ ਰਾਜੋਆਣਾ ਅਤੇ ਇਸ ਲਹਿਰ ਦੇ ਆਗੂ ਬ੍ਰਾਹਮਣਵਾਦ (ਪੁਜਾਰੀਵਾਦ) ਦੇ ਰੰਗ ਵਿਚ ਰੰਗੇ ਹੋਏ ਹਨ, ਤਾਂ ਲਹਿਰ ਨਾਲ ਜੁੜੇ ਆਮ ਸਿੱਖ ਤੋਂ ਕੋਈ ਵੱਖਰੀ ਆਸ ਕਿਵੇਂ ਕੀਤੀ ਜਾ ਸਕਦੀ ਹੈ? ਆਮ ਸਿੱਖ ਸਮਾਜ ਵਿਚ ਤਾਂ ਪਿੱਛਲੇ 250-300 ਸਾਲਾਂ ਵਿਚ ਬ੍ਰਾਹਮਣਵਾਦ ਕੁੱਟ-ਕੁੱਟ ਕੇ ਭਰ ਦਿੱਤਾ ਗਿਆ ਹੈ। ਸੋ, ਪੁਜਾਰੀਆਂ ਅਤੇ ਉਨ੍ਹਾਂ ਦੇ ਪ੍ਰਭਾਵ ਹੇਠ ਵਿਚਰ ਰਹੇ ਆਗੂਆਂ ਦੀ ਵੇਖੋ-ਵੇਖੀ ਆਮ ਸਿੱਖ ਵੀ ਭੇਡ-ਚਾਲ ਵਿਚ ਤੋਤਾ-ਰਟਨੀ ਪਾਠਾਂ, ਕਰਮਕਾਂਡਾਂ ਵਿਚ ਉਲਝਿਆ ਗੁਰਮਤਿ ਤੋਂ ਸੇਧ ਲੈਣ ਦੀ ਥਾਂ ‘ਰਾਜੋਆਣੇ ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ’ ਜਿਹੇ ਸ਼ਖਸੀਅਤ-ਪ੍ਰਸਤ ਨਾਅਰੇ ਲਗਾ ਰਿਹਾ ਹੈ। ਵੈਸੇ ਵੀ ਕੌਮੀ ਕੇਂਦਰ ’ਤੇ ਕਾਬਜ਼ ਪੁਜਾਰੀ (ਅਤੇ ਉਨ੍ਹਾਂ ਦੇ ਆਕਾ ਭ੍ਰਿਸ਼ਟ ਹਾਕਮ) ਤਾਂ ਇਹੀ ਚਾਹੁੰਦੇ ਹਨ ਕਿ ਆਮ ਸਿੱਖ ਸੁਚੇਤ ਹੋਣ ਦੀ ਥਾਂ ਜ਼ਜਬਾਤੀ ਪਿੱਛ-ਲੱਗੂ ਹੀ ਬਣਿਆ ਰਹੇ।
ਨਿਚੋੜ:
ਸਾਨੂੰ ਪਤਾ ਹੈ ਕਿ ਇਸ ਸਮੇਂ ਗੁਰਮਤਿ ਦੀ ਸੇਧ ਵਿਚ ਲਹਿਰ ਵਿਚਲੇ ਬ੍ਰਾਹਮਣਵਾਦੀ ਅੰਸ਼ਾਂ ਦੀ ਪੜਚੋਲ ਵਾਲੇ ਸਾਡੇ ਇਸ ਲੇਖ ਨੇ ਬਹੁਤਾਤ ਸਿੱਖਾਂ ਨੂੰ ਨਰਾਜ਼ ਹੀ ਕਰਣਾ ਹੈ, ਕਿਉਂਕਿ ਇਹ ਆਮ ਸੱਚਾਈ ਹੈ ਕਿ ਆਪਣੀ ਆਲੋਚਣਾ ਸਹਿਣ ਕਰਨ ਦੀ ਆਦਤ ਬਹੁਤੇ ‘ਸਿੱਖਾਂ’ ਨੂੰ ਨਹੀਂ ਹੈ। ਸਾਨੂੰ ਇਹ ਵੀ ਅਹਿਸਾਸ ਹੈ ਕਿ ‘ਤੱਤ ਗੁਰਮਤਿ ਪਰਿਵਾਰ’ ਦੇ ਲਗਭਗ ਹਰ ਨੁਕਤੇ ਨੂੰ ਕੱਟਣਾ ਆਪਣਾ ਫਰਜ਼ ਸਮਝ ਕੇ, ਦਿਮਾਗੀ ਕਸਰਤਾਂ ਰਾਹੀਂ ਹਰ ਪੰਥ ਪ੍ਰਵਾਣਿਕ ਮਾਨਤਾਵਾਂ ਨੂੰ ਆਨੇ-ਬਹਾਨੇ ਜ਼ਾਇਜ ਠਹਿਰਾਉਣ ਦੇ ਚਾਹਵਾਣ ਲੇਖਕਾਂ ਨੇ, ਆਪਣੀਆਂ ਕਲਮਾਂ ਨੂੰ ਧਾਰ ਦੇਣੀ ਸ਼ੁਰੂ ਦੇਣੀ ਹੈ। ਪਰ ‘ਸਚੁ ਸੁਣਾਇਸੀ ਸਚ ਕੀ ਬੇਲਾ’ ਤੋਂ ਸੇਧ ਲੈਂਦੇ ਹੋਏ, ਅਸੀਂ ਆਪਣਾ ਫਰਜ਼ ਸਮਝਦੇ ਹੋਏ, ਇਹ ਨਿਸ਼ਕਾਮ ਪੜਚੋਲ ਕਰਨ ਦਾ ਯਤਨ ਕੀਤਾ ਹੈ।
ਭਾਈ ਰਾਜੋਆਣਾ ਦੇ ਮਸਲੇ ਕਾਰਨ ਪੈਦਾ ਹੋਈ ਇਸ ਲਹਿਰ ਨਾਲ ਇਕ ਵਾਰ ਫੇਰ ‘ਖਾਲਿਸਤਾਨ’ ਦੀਆਂ ਅਵਾਜਾਂ ਉੱਭਰਣ ਲੱਗ ਪਈਆਂ ਹਨ। ਪਰ ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ‘ਖਾਲਸਾ ਰਾਜ’ ਤੋਂ ਪਹਿਲਾਂ ‘ਮਾਨਸਿਕ ਤੌਰ ’ਤੇ ਖਾਲਿਸ (ਗੁਰਮਤਿ ਅਨੁਸਾਰੀ ਖਾਲਸਾ)’ ਬਨਣ ਦੀ ਬਹੁਤ ਲੋੜ ਹੈ। ਬ੍ਰਾਹਮਣੀਵਾਦੀ ਮਾਨਸਿਕਤਾ ਵਾਲੇ ਲੀਡਰਾਂ ਦੀ ਅਗਵਾਈ ਹੇਠ ਜੇ ‘ਖਾਲਸਾ ਰਾਜ’ ਨਾਮਕ ਕੁਝ ਸਥਾਪਿਤ ਹੋ ਵੀ ਜਾਂਦਾ ਹੈ ਤਾਂ ਉਸ ਦਾ ਸਰੂਪ ਕੈਸਾ ਹੋਵੇਗਾ, ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ। 1984 ਦੇ ਦੌਰ ਵਿਚ ਇਸ ਲਹਿਰ ਦੇ ਮੁੱਖ ਆਗੂ ਸਨ ‘ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ’। ਉਨ੍ਹਾਂ ਦੀ ਪੰਥ-ਪ੍ਰਸਤੀ ਅਤੇ ਦਲੇਰੀ ਬਾਰੇ ਕਿਸੇ ਸੁਹਿਰਦ ਸਿੱਖ ਨੂੰ ਸ਼ੱਕ ਨਹੀਂ ਹੋਵੇਗਾ। ਪਰ ਮਾਨਸਿਕ ਪੱਧਰ ’ਤੇ ਉਹ ਉਸ ਟਕਸਾਲ ਦੀ ਉੱਪਜ ਸਨ, ਜਿਸ ਦੇ ਇਕ ਸਾਬਕਾ ਮੁੱਖੀ ਦੀਆਂ ਕਿਤਾਬਾਂ ਬ੍ਰਾਹਮਣਵਾਦੀ ਅੰਸ਼ਾਂ ਨਾਲ ਭਰਪੂਰ ਹਨ। ਇਸੇ ਪ੍ਰਭਾਵ ਕਾਰਨ ਦਸ਼ਮੇਸ਼ ਪਾਤਸ਼ਾਹ ਦਾ ਚਰਿਤ੍ਰ-ਘਾਤ ਕਰਨ ਵਾਲੇ ਅਖੌਤੀ ਦਸਮ ਗ੍ਰੰਥ ਦੇ ਉਹ ਵੱਡੇ ਉਪਾਸ਼ਕ ਸਨ। ਇੱਸੇ ਸੋਚ ਕਾਰਨ ਉਨ੍ਹਾਂ ਨੂੰ ਟਕਸਾਲ ਦੇ ਸਾਬਕਾ-ਮੁੱਖੀ ਦੀਆਂ ਕਿਤਾਬਾਂ ਵਿਚ ਭਰੇ ਬ੍ਰਾਹਮਣਵਾਦੀ ਅੰਸ਼ ਗਲਤ ਨਹੀਂ ਜਾਪੇ, ਜਦਕਿ ਉਨ੍ਹਾਂ ਦਾ ਦਾਅਵਾ ਸੀ ਕਿ ਉਨ੍ਹਾਂ ਦੀ ਲੜਾਈ ‘ਬ੍ਰਾਹਮਣਵਾਦ’ ਖਿਲਾਫ ਹੈ। ਬ੍ਰਾਹਮਣਵਾਦੀ ਮਾਨਸਿਕਤਾ ਨਾਲ ਬ੍ਰਾਹਮਣਵਾਦ ਖਿਲਾਫ ਲੜਾਈ ਦਾ ਢੰਗ ਹਾਸੋਹੀਣਾ ਹੈ।
ਕੁਝ ਸੱਜਣ ਇਸ ਵਿਸ਼ੇ ਵਿਚ ਅਖੌਤੀ ਦਸਮ ਗ੍ਰੰਥ ਦੀ ਇਕ ਪੰਕਤੀ ‘ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ’ ਦਾ ਹਵਾਲਾ ਦਿੰਦੇ ਹਨ। ਐਸੇ ਸੱਜਣ ਦਸਮ ਗ੍ਰੰਥ ਦੀ ਕੂੜ ਅਗਵਾਈ ਹੇਠ ਗੁੰਮਰਾਹ ਹੋਣ ਕਾਰਨ ਸਿੱਖ ਇਤਿਹਾਸ ਦੀ ਪ੍ਰਤੱਖ ਗਵਾਹੀ ਨੂੰ ਅਣਦੇਖਾ ਕਰ ਦੇਂਦੇ ਹਨ। ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਜੀ ਸਮੇਂ ਤੱਕ (ਥੋੜੇ ਸਮੇਂ ਨੂੰ ਛੱਡ ਕੇ) ਸਿੱਖਾਂ ਕੌਲ ਰਾਜ ਨਹੀਂ ਸੀ, ਪਰ ਸਿੱਖ ਗੁਰਮਤਿ ਸਿਧਾਂਤਾਂ ਪ੍ਰਤੀ ਜ਼ਿਆਦਾ ਦ੍ਰਿੜ ਸਨ। ਪਰ ਮਹਾਰਾਜਾ ਰਣਜੀਤ ਸਿੰਘ ਦੀ ਰਾਜਨੀਤਕ ਅਗਵਾਈ ਹੇਠ ਸਥਾਪਿਤ ਕੀਤੇ ‘ਖਾਲਸਾ ਰਾਜ’ ਵਿਚ ਗੁਰਮਤਿ ਸਿਧਾਂਤਾਂ ਪ੍ਰਤੀ ਦ੍ਰਿੜਤਾ ਦਿਨੋਂ ਦਿਨ ਘੱਟਦੀ ਗਈ। ਮਿਸਾਲ ਲਈ ਸਿੱਖ ਸਮਾਜ ਵਿਚ ‘ਵੇਦੀ ਦੇ ਫੇਰੇ, ਸਤੀ-ਪ੍ਰਥਾ, ਮੂਰਤੀਆਂ ਦੀ ਪੂਜਾ’ ਸਮੇਤ ਬ੍ਰਾਹਮਣਵਾਦ ਪੂਰੀ ਤਰ੍ਹਾਂ ਘਰ ਕਰ ਗਿਆ। ‘ਖਾਲਸਾ ਰਾਜ’ ਦਾ ਮੁੱਖੀ (ਰਣਜੀਤ ਸਿੰਘ) ਆਪ ਹਰ ਕੰਮ ਗੁਰਮਤਿ ਸੇਧ ਦੀ ਥਾਂ ‘ਜੋਤਿਸ਼ਆਂ’ ਕੋਲੋਂ ਪੁੱਛ ਕੇ ਕਰਨ ਲਗ ਪਿਆ ਸੀ। ਭਾਵ ਕਿ ਗੁਰਮਤਿ ਸਿਧਾਂਤਾਂ ਪ੍ਰਤੀ ਦ੍ਰਿੜਤਾ ਕਿਸੇ ‘ਰਾਜ’ ਦੀ ਮੁਹਤਾਜ ਨਹੀਂ। ਇਕ ਸਿੱਖ ਲਈ ‘ਗੁਰਮਤਿ ਸਿਧਾਂਤਾਂ’ ਪ੍ਰਤੀ ਦ੍ਰਿੜਤਾ ਹੀ ਜ਼ਿਆਦਾ ਜ਼ਰੂਰੀ ਹੈ।
ਉਪਰੋਕਤ ਖੁੱਲੀ ਵਿਚਾਰ ਦੀ ਰੌਸ਼ਨੀ ਵਿਚ ਅਸੀਂ ਪੂਰੀ ਨਿਮਰਤਾ ਸਹਿਤ ਭਾਈ ਬਲਵੰਤ ਸਿੰਘ ਰਾਜੋਆਣਾ, ਇਸ ਲਹਿਰ ਨਾਲ ਜੁੜੇ ਸੁਹਿਰਦ ਆਗੂਆਂ ਅਤੇ ਆਮ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ, ਕਿ ਅਸੀਂ ਲਹਿਰ ਨੂੰ ਬ੍ਰਾਹਮਣਵਾਦ ਅਤੇ ਪੁਜਾਰੀਵਾਦ ਦੀ ਪਿੱਛਲੱਗੂ ਬਣਾਉਣ ਦੀ ਥਾਂ, ‘ਗੁਰਮਤਿ ਦੀ ਸੇਧ’ ਵਿਚ ਲਾਮਬੰਦ ਕਰਨ ਦਾ ਯਤਨ ਕਰੀਏ। ਆਉ, ਸਾਰੇ ਮਿਲ ਕੇ ਜਾਗਦੇ ਹੋਏ, ਸੁਹਿਰਦਤਾ ਨਾਲ ਇਹ ਨਾਅਰਾ ਬੁਲੰਦ ਕਰੀਏ:
ਗੁਰਮਤਿ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ

No comments:

Post a Comment