....

Sunday, April 1, 2012

ਬਲਵੰਤ ਸਿੰਘ ਰਾਜੋਆਣਾ, ਦਿਲਾਵਰ ਸਿੰਘ, ਭਗਤ ਸਿੰਘ ਤੇ ਬਟੁਕੇਸ਼ਵਰ ਦੱਤ


ਸ਼ਰ-ਫ਼ਰੋਸ਼ੀ ਕੀ ਤਮੰਨਾ, ਅਬ ਹਮਾਰੇ ਦਿਲ ਮੇਂ ਹੈ, ਦੇਖਣਾ ਹੈ ਜ਼ੋਰ ਕਿਤਨਾ, ਬਾਜ਼ੂ-ਏ-ਕਾਤਿਲ ਮੇਂ ਹੈ
ਵਕਤ ਆਨੇ ਪਰ ਬਤਾ ਦੇਂਗੇ ਤੁਝੇ ਐ ਆਸਮਾਂ, ਹਮ ਅਭੀ ਸੇ ਕਿਆ ਬਤਾਏਂ, ਕਿਆ ਹਮਾਰੇ ਦਿਲ ਮੇਂ ਹੈ।
 (ਰਾਮ ਪ੍ਰਸਾਦ ਬਿਸਮਿਲ)
ਭਗਤ ਸਿੰਘ ਦੀ ਸ਼ਹੀਦੀ ਦਾ ਸੱਚ:
ਭਗਤ ਸਿੰਘ ਨੂੰ ਆਰੀਆ ਸਮਾਜ, ਕਮਿਊਨਿਸਟਾਂ ਅਤੇ ਭਾਜਪਾ (ਪਹਿਲੋਂ ਜਨਸੰਘ) ਨੇ ਬਹੁਤ ਮਸ਼ਹੂਰੀ ਦਿੱਤੀ; ਸਭ ਦੇ ਕਾਰਨ ਵੱਖ ਵੱਖ ਸਨ। ਭਗਤ ਸਿੰਘ ਆਰੀਆ ਸਮਾਜੀ ਕਾਰਕੁੰਨ ਕਿਸ਼ਨ ਸਿੰਘ ਦਾ ਪੁੱਤਰ ਸੀ; 1900 ਤੋਂ ਤਕਰੀਬਨ 1930 ਤਕ ਆਰੀਆ ਸਮਾਜ ਦੇ ਨੌਜਵਾਨਾਂ ਦਾ ਇਕ ਗਰੁਪ ਅੰਗਰੇਜ਼ ਵਿਰੋਧੀ ਲਹਿਰ ਵਿਚ ਸਰਗਰਮ ਰਿਹਾ ਸੀ। ਇਸ ਲਹਿਰ ਵਿਚ ਰਾਮ ਪ੍ਰਸਾਦ ਬਿਸਮਿਲ ਤੇ ਭਗਤ ਸਿੰਘ ਵੀ ਸਨ। ਸ਼ੁਰੂ ਸ਼ੁਰੂ ਵਿਚ ਇਨ੍ਹਾਂ ਦਾ ਰੋਲ ਪ੍ਰਚਾਰ ਤਕ ਮਹਿਦੂਦ ਸੀ ਪਰ ਕਾਕੋਰੀ ਡਾਕੇ (9 ਅਗਸਤ 1925) ਤੋਂ ਇਸ ਲਹਿਰ ਦਾ ਹਥਿਆਰਬੰਦ ਰੋਲ ਵੀ ਸ਼ੁਰੂ ਹੋ ਗਿਆ (ਇਸ ਕੇਸ ਵਿਚ 4 ਨੌਜਵਾਨਾਂ, ਰਾਮ ਪ੍ਰਸਾਦ ਬਿਸਮਿਲ, ਅਸ਼ਫ਼ਕੁੱਲਾ ਖ਼ਾਨ, ਰੌਸ਼ਨ ਸਿੰਹ ਤੇ ਰਾਜੇਂਦਰ ਨਾਥ ਲਹਿਰੀ, ਨੂੰ 1927 ਵਿਚ ਫ਼ਾਂਸੀ ਦਿੱਤੀ ਗਈ ਸੀ)।
ਇਸ ਲਹਿਰ ਦੇ ਦੋ ਹੀ ਮੁਖ ਕੇਂਦਰ ਸਨ: ਕਾਨਪੁਰ ਅਤੇ ਲਾਹੌਰ। ਇਨ੍ਹਾਂ ਨੌਜਵਾਨਾਂ ਨਾਲ ਹੋਰ ਵੀ ਸਾਥੀ ਕੌਮੀ ਜੋਸ਼ ਕਾਰਨ ਜੁੜ ਗਏ ਸਨ ਪਰ ਉਹ ਆਰੀਆ ਸਮਾਜ ਨਾਲ ਸਬੰਧਤ ਨਹੀਂ ਸਨ। ਚੰਦਰ ਸ਼ੇਖ਼ਰ ਅਜ਼ਾਦ, ਸ਼ਿਵਰਾਮ ਰਾਜਗੁਰੂ, ਸੁਖਦੇਵ ਥਾਪਰ, ਜੈ ਗੋਪਾਲ, ਬਟੁਕੇਸ਼ਵਰ ਦੱਤ ਉਨ੍ਹਾਂ ਵਿਚੋਂ ਸਨ ਜਿਨ੍ਹਾਂ ਦਾ ਆਰੀਆ ਸਮਾਜ ਨਾਲ ਕੋਈ ਸਬੰਧ ਨਹੀਂ ਸੀ। ਇਨ੍ਹਾਂ ਸਾਰਿਆਂ ਨੇ ਅਮਗਰੇਜ਼ਾਂ ਦੇ ਖ਼ਿਲਾਫ਼ ਖਾੜਕੂ ਲਹਿਰ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਕਿਸੇ ਇਕ ਦਾ ਰੋਲ ਦੂਜੇ ਤੋਂ ਘਟ ਨਹੀਂ ਸੀ। ਭਗਤ ਸਿੰਘ ਨੂੰ ਇਸ ਲਹਿਰ ਵਿਚ ਲਿਆਉਣ ਦਾ ਵੱਡਾ ਰੋਲ ਚੰਦਰ ਸ਼ੇਖ਼ਰ ਅਜ਼ਾਦ ਦਾ ਸੀ।ਰਾਮ ਪ੍ਰਸਾਦ ਬਿਸਮਿਲ (ਸਰ ਫ਼ਰੋਸ਼ੀ ਕੀ ਤਮੰਨਾ... ਵਾਲਾ) ਤੇ ਉਸ ਦਾ ਸਾਥੀ ਚੰਦਰ ਸ਼ੇਖ਼ਰ ਅਜ਼ਾਦ ਇਸ ਲਹਿਰ ਦੇ ਦਿਮਾਗ਼ ਸਨ ਅਤੇ ਉਨ੍ਹਾਂ ਦਾ ਰੋਲ ਵੀ ਸਭ ਤੋਂ ਵਧ ਅਹਿਮ ਅਤੇ ਅਮਲੀ ਸੀ। ਸਕੌਟ ਦੀ ਜਗਹ ਸਾਂਡਰਸ (ਸਾਂਡਰਸ ਦਾ ਕੋਈ ਗੁਨਾਹ ਨਹੀਂ ਸੀ ਅਤੇ ਉਹ ਭਗਤ ਸਿੰਘ ਹੱਥੋਂ ਗਲਤੀ ਨਾਲ ਮਾਰਿਆ ਗਿਆ ਸੀ) ਦੇ ਕਤਲ (17 ਦਸੰਬਰ 1928) ਵਿਚ ਚੰਦਰ ਸ਼ੇਖ਼ਰ, ਭਗਤ ਸਿੰਘ, ਸ਼ਿਵ ਰਾਮ ਰਾਜਗੁਰੂ, ਸੁਖਦੇਵ ਥਾਪਰ, ਜੈ ਗੋਪਾਲ (ਜੋ ਵਾਅਦਾ ਮੁਆਫ਼ ਗਵਾਹ ਬਣ ਗਿਆ ਸੀ) ਸ਼ਾਮਿਲ ਸਨ। ਅਸੈਂਬਲੀ ਵਿਚ ਬੰਬ ਸੁੱਟਣ (8 ਅਪ੍ਰੈਲ 1929) ਦਾ ਐਕਸ਼ਨ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੋਹਾਂ ਦਾ ਸਾਂਝਾ ਸੀ।
ਪਰ ਇਕ ਗੱਲ ਕਾਬਲੇ ਗੌਰ ਹੈ, ਕਿ ਇਨ੍ਹਾਂ ਸਾਰਿਆਂ ਵਿਚੋਂ ਸਭ ਤੋਂ ਵਧ ਮਸ਼ਹੂਰੀ ਭਗਤ ਸਿੰਘ ਨੂੰ ਦਿੱਤੀ ਗਈ ਹੈ। ਰਾਮ ਪ੍ਰਸਾਦ ਬਿਸਮਿਲ ਤੇ ਚੰਦਰ ਸ਼ੇਖ਼ਰ ਦੇ ਬੁਤ ਉਨ੍ਹਾਂ ਦੇ ਸ਼ਹਿਰਾਂ ਵਿਚ ਲਗੇ ਹਨ ਤੇ ਪਾਰਕਾਂ ਦੇ ਨਾਂ ਉਨ੍ਹਾਂ ਦੇ ਨਾਂ ਤੇ ਰੱਖੇ ਹਨ, ਪਰ ਭਗਤ ਸਿੰਘ ਦੇ ਨਾਂ ਤੇ ਜੋ ਕੁਝ ਕੀਤਾ ਗਿਆ ਹੈ, ਉਹ ਹੈਰਾਨਕੁੰਨ ਹੈ, ਅਤੇ ਉਸ ਦਾ ਪਿਛੋਕੜ ਉਸ ਦਾ ਆਰੀਆ ਸਮਾਜ ਨਾਲ ਸਬੰਧਤ ਹੋਣਾ ਹੈ ਨਾ ਕਿ ਖਾੜਕੂ ਰੋਲ ਕਾਰਨ।
ਇਹ ਗ਼ਲਤ ਪਰਚਾਰ ਕੀਤਾ ਜਾਂਦਾ ਹੈ ਕਿ ਉਹ ਇਸ ਲਹਿਰ ਦਾ ‘ਦਿਮਾਗ਼’ ਸੀ; ਇਸ ਲਹਿਰ ਦਾ ਦਿਮਾਗ਼ ਰਾਮ ਪ੍ਰਸਾਦ ਬਿਸਮਿਲ ਅਤੇ ਚੰਦਰ ਸ਼ੇਖ਼ਰ ਅਜ਼ਾਦ ਸਨ। ਫਿਰ ਭਗਤ ਸਿੰਘ (ਤੇ ਰਾਜਗੁਰੂ ਤੇ ਸੁਖਦੇਵ) ਨੂੰ ਫ਼ਾਂਸੀ ਅਸੈਂਬਲੀ ਵਿਚ ਬੰਬ ਸੁੱਟਣ ਕਰ ਕੇ ਨਹੀਂ ਹੋਈ ਸੀ ਬਲਕਿ ਪੁਲਸ ਅਫ਼ਸਰ ਸਕੌਟ ਦੀ ਜਗਹ ਗਲਤੀ ਨਾਲ ਸਾਂਡਰਸ ਦੇ ਕਤਲ ਕਰ ਕੇ ਹੋਈ ਸੀ। ਬੰਬ ਸੁੱਟਣ ਦੇ ਕੇਸ ਵਿਚ ਤਾਂ ਭਗਤ ਸਿੰਘ ਨੂੰ ਤੇ ਬਟੁਕੇਸ਼ਵਰ ਦੱਤ ਨੂੰ ਸਿਰਫ਼ ਉਮਰ ਕੈਦ ਹੋਈ ਸੀ। ਜੇ ਭਗਤ ਸਿੰਘ ਅਸੈਂਬਲੀ ਵਿਚ ਬੰਬ ਸੁੱਟਣ ਜਾਣ ਸਮੇਂ ਆਪਣਾ ਪਿਸਤੌਲ ਨਾਲ ਨਾ ਲਿਜਾਂਦਾ ਤਾਂ ਉਸ ਨੂੰ ਫ਼ਾਂਸੀ ਨਹੀਂ ਹੋਣੀ ਸੀ ਕਿਉਂ ਕਿ ਸਾਂਡਰਸ ਦੇ ਕਤਲ ਦਾ ਰਾਜ਼ ਅਜੇ ਤਕ ਨਹੀਂ ਸੀ ਖੁਲ੍ਹਾ ਤੇ ਇਹ ਰਾਜ਼ ਉਸ ਪਿਸਤੌਲ ਤੋਂ ਨਿਕਲਿਆ ਕਿਉਂ ਕਿ ਸਾਂਡਰਸ ‘ਤੇ ਗੋਲੀ ਉਸ ਪਿਸਤੌਲ ਨਾਲ ਚਲਾਈ ਗਈ ਸੀ (ਉਂਞ ਗੱਲ ਤਾਂ ਕੌੜੀ ਹੈ ਪਰ ਇਸ ਤੋਂ ਇਹ ਵੀ ਪਤਾ ਵੀ ਲਗਦਾ ਹੈ ਕਿ ਭਗਤ ਸਿੰਘ ਕਿੰਨਾ ਕੂ ‘ਸਿਆਣਾ’ ਸੀ। ਭਗਤ ਸਿੰਘ ਨੇ ਸਾਫ਼ ਕਿਹਾ ਸੀ ਕਿ ਉਹ ਅਸੈਂਬਲੀ ਵਿਚ ਕਿਸੇ ਨੂੰ ਮਾਰਨ ਨਹੀਂ ਆਏ ਸਨ ਪਰ ਸਿਰਫ਼ ਧਮਾਕਾ ਕਰ ਕੇ ਅਮਗਰੇਜ਼ਾਂ ਦੇ ਕੰਨ ਖੋਲ੍ਹਣਾ ਚਾਹੁੰਦੇ ਸਨ ਤਾਂ ਫਿਰ ਭਗਤ ਸਿੰਘ ਸਾਂਡਰਸ ਦੇ ਕਤਲ ਵਾਲਾ ਪਿਸਤੌਲ ਨੰਬਰ 168096 ਕਿਉਂ ਲੈ ਕੇ ਗਿਆ?)।
ਖ਼ੈਰ ਮੇਰਾ ਨੁਕਤਾ ਤਾਂ ਇਹ ਹੈ ਕਿ ਭਗਤ ਸਿੰਘ ਨੂੰ ਮਸ਼ਹੂਰੀ ਇਸ ਕਰ ਕੇ ਮਿਲੀ ਹੈ ਕਿ ਉਹ ਆਰੀਆ ਸਮਾਜੀ ਸੀ ਅਤੇ ਉਹ ਆਰੀਆ ਸਮਾਜੀ ਲੀਡਰ ਲਾਜਪਤ ਰਾਏ ਦੀ ਲਾਠੀਆਂ ਨਾਲ ਮੌਤ ਦੇ ਝੂਠੇ ਪਰਚਾਰ ਕਰ ਕੇ ਪੁਲਸ ਅਫ਼ਸਰ ਸਕਾਟ ਨੂੰ ਮਾਰਨ ਗਿਆ ਸੀ। ਜੇ ਅਸੈਂਬਲੀ ਵਿਚ ਬੰਬ ਸੁੱਟਣਾ ਵੱਡਾ ਐਕਸ਼ਨ ਸੀ ਤਾਂ ਬਟੁਕੇਸ਼ਵਰ ਦੱਤ ਦਾ ਵੀ ਓਨਾ ਹੀ ਰੋਲ ਸੀ। ਪਰ ਦੱਤ ਵਿਚਾਰਾ, ਜੋ 1939 ਵਿਚ ਉਮਰ ਕੈਦ (10 ਸਾਲ) ਕਟ ਕੇ ਰਿਹਾ ਹੋਇਆ ਤੇ ਫਿਰ 1942 ਵਿਚ ‘ਭਾਰਤ ਛੱਡੋ’ ਲਹਿਰ ਵਿਚ ਫਿਰ 4 ਸਾਲ ਕੈਦ ਰਿਹਾ, ਉਸ ਨੂੰ ਕਿਸੇ ਨੇ ਨਹੀਂ ਪੁੱਛਿਆ ਕਿ ਤੂੰ ਕੌਣ ਹੈ ਅਤੇ ਉਹ 20 ਜੁਲਾਈ 1955 ਦੇ ਦਿਨ ਫਾਕੇ ਕੱਟਦਾ ਇਕ ਆਮ ਆਦਮੀ ਵਾਂਙ ਇਸ ਦੁਨੀਆਂ ਤੋਂ ਉਠ ਗਿਆ।
ਸੋ, ਭਗਤ ਸਿੰਘ ਬਾਰੇ ਤਿੰਨ ਗੱਲਾਂ ਅਹਿਮ ਹਨ ਕਿ:
  1. ਉਹ 1925-30 ਦੀ ਉਸ ਖਾੜਕੂ ਲਹਿਰ ਦਾ ਦਿਮਾਗ਼ ਨਹੀਂ ਸੀ, ਇਸ ਲਹਿਰ ਦਾ ਦਿਮਾਗ਼ ਰਾਮ ਪ੍ਰਸਾਦ ਬਿਸਮਿਲ ਅਤੇ ਚੰਦਰ ਸ਼ੇਖ਼ਰ ਅਜ਼ਾਦ ਸਨ
  2. ਭਗਤ ਸਿੰਘ ਨੂੰ ਫ਼ਾਂਸੀ ਗਲਤੀ ਵਿਚ ਸਾਂਡਰਸ ਦੇ ਕਤਲ ਕਰ ਕੇ ਹੋਈ ਸੀ, ਅਸੈਂਬਲੀ ਦੇ ਬੰਬ ਕਾਰਨ ਨਹੀਂ; ਬੰਬ ਐਕਸ਼ਨ ਵਿਚ ਬਟੁਕੇਸ਼ਵਰ ਦੱਤ ਵੀ ਬਰਾਬਰ ਦਾ ਭਾਈਵਾਲ ਸੀ
  3. ਉਸ ਦੀ ਮਸ਼ਹੂਰੀ ਆਰੀਆ ਸਮਾਜ ਨਾਲ ਸਬੰਧਤ ਹੋਣ ਕਰ ਕੇ ਕੀਤੀ ਗਈ ਹੈ, ਨਾ ਕਿ ਇਨਕਲਾਬੀ ਹੋਣ ਕਰ ਕੇ
ਪੰਜਾਬ ਵਿਚ ਜੋ ਅਹਮੀਅਤ ਉਸ ਨੂੰ ਬਾਦਲ ਨੇ ਦਿੱਤੀ ਹੈ ਉਹ ਇਸ ਕਰ ਕੇ ਨਹੀਂ ਦਿੱਤੀ ਕਿ ਕਮਿਊਨਿਸਟਾਂ ਨੇ ਉਸ ‘ਤੇ ਜ਼ੋਰ ਪਾਇਆ ਸੀ ਬਲਕਿ ਇਹ ਸਾਰੀ ਕਾਰਵਾਈ ਆਰ.ਐਸ.ਐਸ. ਅਤੇ ਆਰੀਆ ਸਮਾਜ ਦੇ ਹੁਕਮਾਂ ਹੇਠ ਕੀਤੀ ਗਈ ਹੈ। ਉਪਰ ਜ਼ਿਕਰ ਕੀਤੇ ਕਿਸੇ ਹੋਰ ਇਨਕਲਾਬੀ ਦੇ ਨਾ ‘ਤੇ ਕੋਈ ਏਅਰਪੋਰਟ ਜਾਂ ਜ਼ਿਲ੍ਹੇ ਦਾ ਨਾ ਕਿਉਂ ਨਹੀਂ ਰੱਖਿਆ ਗਿਆ ਹਾਲਾਂ ਕਿ ਉਨ੍ਹਾਂ ਵਿਚੋਂ ਕੁਝ ਦਾ ਰੋਲ ਭਗਤ ਸਿੰਘ ਤੋਂ ਕਿਤੇ ਵਧ ਸੀ। ਇਸ ਦਾ ਕਾਰਨ ਇਹ ਹੈ ਕਿ ਉਹ (ਰਾਮ ਪ੍ਰਸਾਦ ਬਿਸਮਿਲ ਨੂੰ ਛੱਡ ਕੇ) ਆਰੀਆ ਸਮਾਜੀ ਨਹੀਂ ਸਨ।
ਕੀ ਭਗਤ ਸਿੰਘ ਸ਼ਹੀਦ ਨਹੀਂ ਸੀ? ਭਾਵੇਂ ਭਗਤ ਸਿੰਘ ਨੂੰ ਫ਼ਾਂਸੀ ਸਾਂਡਰਸ ਦੇ ਕਤਲ ਕਰ ਕੇ ਹੋਈ ਸੀ (ਹਾਲਾਂ ਕਿ ਸਾਂਡਰਸ ਬੇਗੁਨਾਹ ਸੀ ਤੇ ਗ਼ਲਤੀ ਨਾਲ ਮਾਰਿਆ ਗਿਆ ਸੀ) ਪਰ ਫਿਰ ਵੀ ਮੈਂ ਸਮਝਦਾ ਹਾਂ ਕਿ ਭਗਤ ਸਿੰਘ ਸੀ ਤਾਂ ਆਖ਼ਰ ਇਨਕਲਾਬੀ ਲਹਿਰ ਦਾ ਇਕ ਹਿੱਸਾ ਸੀ ਅਤੇ ਅਮਗਰੇਜ਼ਾਂ ਨੇ ਜਿਸ ਵੀ ਇਨਕਲਾਬੀ ਨੂੰ ਕਤਲ ਕੀਤਾ ਜਾਂ ਫ਼ਾਂਸੀ ਦਿੱਤੀ ਉਹ ਸਾਰੇ ਸ਼ਹੀਦ ਹਨ: ਗ਼ਦਰ ਲਹਿਰ (1914-1919), ਬਬਰ ਅਕਾਲੀ (1921-26), ਅਕਾਲੀ ਲਹਿਰ (1920-25) ਤੇ ਹੋਰ ਸਾਰੀਆਂ ਲਹਿਰਾਂ ਹੀ ਨਹੀਂ ਬਲ ਕਿ ਨਿਜੀ ਤੌਰ ‘ਤੇ ਐਕਸ਼ਨ ਕਰਨ ਵਾਲੇ ਸ਼ਹੀਦ, ਯਾਨਿ ਸਾਰੇ ਹੀ, ਬਰਾਬਰ ਦੇ ਸ਼ਹੀਦ ਹਨ; ਕੋਈ ਵੱਡਾ ਨਹੀਂ ਤੇ ਕੋਈ ਛੋਟਾ ਨਹੀਂ; ਕਿਸੇ ਨੂੰ ਵਧ ਅਹਮੀਅਤ, ਮਾਣ ਦੇਣਾ ਜਾਂ ਨਾਂ ਦੇਣਾ ਬਾਕੀ ਸ਼ਹੀਦਾਂ ਦੀ ਬੇਇਜ਼ਤੀ ਹੈ (ਤੇ ਕਿਸੇ ਨੂੰ ਘਟ ਮਾਣ ਦੇਵਾ ਹੋਰ ਵੀ ਨੀਚਤਾ ਵਾਲੀ ਹਰਕਤ ਹੈ)।
ਸ਼ਹੀਦ ਕੌਣ ਹਨ ਤੇ ਲਾਸਾਨੀ ਸ਼ਹੀਦ ਕੌਣ ਹੁੰਦੇ ਹਨ:
ਸ਼ਹੀਦ ਉਹ ਹੁੰਦਾ ਹੈ, ਤਵਾਰੀਖ਼ ਜਿਸ ਦਾ ਉਸ ਲਹਿਰ/ਇਨਕਲਾਬ/ਜੰਗ ਦੀ ਯਾਦਗਾਰੀ ਮਿਸਾਲ ਵਜੋਂ ਹਵਾਲਾ ਦਿਆ ਕਰੇ। ਸ਼ਹੀਦ ਦਾ ਮਾਅਨਾ ਹੈ ‘ਗਵਾਹ’; ਜੋ ਸ਼ਖ਼ਸ ਆਪਣੀ ਜਾਨ ਦੇ ਕੇ ਕਿਸੇ ਲਹਿਰ ਦਾ ‘ਗਵਾਹ’ ਬਣਿਆ ਹੋਣੇ।
ਉਪਰ ਜ਼ਿਕਰ ਕਰ ਰਿਹਾ ਸੀ, 1947 ਤੋਂ ਪਹਿਲਾਂ ਦੇ ਸ਼ਹੀਦਾਂ ਦਾ। ਹੁਣ ਗੱਲ 1947 ਤੋਂ ਮਗਰੋਂ ਦੇ ਸ਼ਹੀਦਾਂ ਦੀ। 1947 ਤੋਂ ਮਗਰੋਂ ਲੋਕ ਕਾਂਗਰਸ ਦੀ ਹਕੂਮਤ ਦੇ ਜ਼ੁਲਮ ਦਾ ਸ਼ਿਕਾਰ ਹੋਏ; ਭਾਵੇਂ ਉਹ ਪੁਲਸ ਗੋਲੀ ਨਾਲ ਮਰੇ ਜਾਂ ਜਿਹਲਾਂ ਵਿਚ; ਫ਼ਾਂਸੀ ‘ਤੇ ਚਾੜ੍ਹੇ ਹਏ ਜਾਂ ਨਕਲੀ/ਅਸਲੀ ਮੁਕਾਬਲਿਆਂ ਵਿਚ ਮਾਰੇ ਗਏ। ਭਾਵੇਂ ਉਹ ਬੋਲੀ ਦੇ ਅਦਾਰ ‘ਤੇ ਸੂਬਿਆਂ ਦੀ ਮੰਗ ਕਰਨ ਵਾਲੇ ਰੁਮੁਲੂ ਵਰਗੇ ਸਨ ਜਾਂ ਬਾਬਾ ਬੂਝਾ ਸਿੰਘ ਵਰਗੇ ਇਨਕਲਾਬੀ; ਭਾਵੇਂ 1978 ਤੋਂ 1984 ਤਕ ਦੇ ਸ਼ਹੀਦ ਸਨ ਜਾਂ ਜੂਨ 1984 ਵਿਚ ਦਰਬਾਰ ਸਾਹਿਬ ਵਿਚ ਸ਼ਹੀਦ ਹੋਏ ਜਾਂ ਇਸ ਤੋਂ ਬਾਅਦ ‘ਅਪਰੇਸ਼ਨ ਵੁੱਡ-ਰੋਜ਼’ ਦੇ ਸ਼ਹੀਦ; ਭਾਵੇਂ ਉਹ ‘ਖ਼ੂਨੀ ਨਵੰਬਰ 1984’ ਦੇ ਵਹਿਸ਼ੀਆਣਾ ਜ਼ੁਲਮ ਦਾ ਸ਼ਿਕਾਰ ਸਨ ਜਾਂ ਬਾਦਲ ਦੀਆਂ ਜੇਲ੍ਹਾਂ ਵਿਚ ਮਰਨ ਵਾਲੇ।
ਹਾਂ, ਲੋਕਾਂ ਦੀ ਨਜ਼ਰ ਵਿਚ ਫ਼ਾਂਸੀ ‘ਤੇ ਚੜ੍ਹਨ ਵਾਲਿਆਂ ਦੀਆਂ ਗੱਲਾਂ ਕੁਝ ਹੋਰ ਕਿਸਮ ਦੀਆਂ ਹੁੰਦੀਆਂ ਹਨ; ਖ਼ਾਸ ਕਰ ਕੇ ਉਨ੍ਹਾਂ ਦੀਆਂ ਜੋ ਹੱਸ-ਹੱਸ ਕੇ ਫ਼ਾਂਸੀ ‘ਤੇ ਚੜ੍ਹਨ: ਉਹ ਭਾਵੇਂ ਭਗਤ ਸਿੰਘ, ਰਾਜਗੁਰੂ ਜਾਂ ਸੁਖਦੇਵ ਹੋਣ ਤੇ ਭਾਵੇਂ ਸਤਵੰਤ ਸਿੰਘ, ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ (ਤੇ ਹੁਣ ਬਲਵੰਤ ਸਿੰਘ ਰਾਜੋਆਣਾ)। ਮੈਂ ਸਮਝਦਾ ਹਾਂ ਕਿ ਉਹ ਵੀ ਲਾਸਾਨੀ ਸ਼ਹੀਦ ਹੁੰਦੇ ਹਨ ਜੋ ਆਪਣੀ ਜਾਨ ਤਲੀ ‘ਤੇ ਰੱਖ ਕੇ ਸ਼ਹੀਦ ਹੋਣ ਵਾਸਤੇ ਜੂਝ ਜਾਂਦੇ ਹਨ ਤੇ ਕਿਸੇ ਜ਼ਾਲਮ ਦੇ ਜ਼ੁਲਮ ਨੂੰ ਨੱਥ ਪਾਉਂਦੇ ਹਨ: ਅਜਿਹੇ ਲਾਸਾਨੀ ਜਾਂਬਾਜ਼ ਲੋਕਾਂ ਵਿਚ ਗਿਣੇ ਜਾ ਸਕਦੇ ਹਨ ਸਨ: 1947 ਤੋਂ ਪਹਿਲਾਂ ਮਦਨ ਲਾਲ ਢੀਂਗਰਾ (ਲੰਡਨ ਵਿਚ ਸਰ ਕਰਜ਼ਨ ਵਾਹਿਲੀ ਦਾ ਕਤਲ 1 ਜੁਲਾਈ 1909, ਸ਼ਹੀਦੀ 17 ਅਗਸਤ 1909), ਮੇਵਾ ਸਿੰਘ ਲੋਪੋਕੇ (ਵੈਨਕੂਵਰ ਵਿਚ ਹਾਪਕਿਨਸ ਦਾ ਕਤਲ 21 ਅਕਤੂਬਰ 1914, ਸ਼ਹੀਦੀ 11 ਜਨਵਰੀ 1915), ਧੰਨਾ ਸਿੰਘ ਬਹਿਬਲਪੁਰ (ਸ਼ਹੀਦੀ 25 ਅਕਤੂਬਰ 1923), ਊਧਮ ਸਿੰਘ (ਲੰਡਨ ਵਿਚ ਓਡਵਾਇਰ ਦਾ ਕਤਲ 13 ਮਾਰਚ 1940, ਸ਼ਹੀਦੀ 31 ਜੁਲਾਈ 1940), ਅਤੇ 1947 ਤੋਂ ਬਾਅਦ ਬੇਅੰਤ ਸਿੰਘ (ਦਿੱਲੀ ਵਿਚ ਇੰਦਰਾ ਗਾਂਧੀ ਕਤਲ 31 ਅਕਤੂਬਰ 1984), ਥੇਨਮੁੱਲੀ ਰਾਜਾਰਥਨਮ (ਸ੍ਰੀਪਰੁੰਬਦੁਰ ਵਿਚ ਰਾਜੀਵ ਗਾਂਧੀ ਕਤਲ 21 ਮਈ 1991), ਦਿਲਾਵਰ ਸਿੰਘ (ਚੰਡੀਗੜ੍ਹ ਵਿਚ ਬੇਅੰਤ ਸਿੰਘ ਕਤਲ 31 ਅਗਸਤ 1995)। ਇਨ੍ਹਾਂ ਸਾਰੇ ਕਾਰਨਾਮਿਆਂ ਵਿਚ ਇਨ੍ਹਾਂ ਸਾਰੇ ਸ਼ਹੀਦਾਂ ਨੂੰ ਪਤਾ ਹੈ ਕਿ ਉਹ ਕਾਰਨਾਮਾ ਤਾਂ ਕਰ ਜਾਣਗੇ ਪਰ ਨਾਲ ਹੀ ਆਪਣੀ ਜਾਨ ਵੀ ਦੇਣ ਜਾ ਰਹੇ ਹਨ। ਇਹੋ ਜਿਹੇ ਲੋਕ ਲਾਸਾਨੀ ਹੁੰਦੇ ਹਨ। ਇਨ੍ਹਾਂ ਸ਼ਹੀਦਾਂ ਦੇ ਕਾਰਨਾਮਿਆਂ ਨੇ ਤਵਾਰੀਖ਼ ਬਦਲ ਦਿੱਤੀ ਸੀ ਤੇ ਉਹ ਆਪ ਵੀ ਤਵਾਰੀਖ਼ ਦਾ ਸੁਨਹਿਰੀ ਤੇ ਲਾਸਾਨੀ ਵਰਕਾ ਬਣ ਗਏ ਸਨ।
ਭਗਤ ਸਿੰਘ ਤੇ ਬਲਵੰਤ ਸਿੰਘ ਰਾਜੋਆਣਾ:
ਉਪਰ ਜ਼ਿਕਰ ਕੀਤੇ ਕਾਰਨਾਮਿਆਂ ਵਰਗੇ ਐਕਸ਼ਨ ਦੁਨੀਆਂ ਦੀ ਤਵਾਰੀਖ਼ ਵਿਚ ਹੋਰ ਵੀ ਹਨ ਪਰ ਮੈਂ ਸਿਰਫ਼ ਉਹ ਸੱਤ ਮਿਸਾਲਾਂ ਲਈਆਂ ਹਨ (ਰਾਜੀਵ ਗਾਂਧੀ ਕਤਲ ਕਾਂਡ ਛੱਡ ਕੇ) ਜਿਨ੍ਹਾ ਦਾ ਸਬੰਧ ਪੰਜਾਬ ਨਾਲ ਹੈ। ਕੁਝ ਹੋਰ ਕਾਰਨਾਮੇ ਵੀ ਅਜਿਹੇ ਕਮਾਲ ਦੇ ਹਨ ਜਿਨ੍ਹਾਂ ਵਿਚ ਉਨ੍ਹਾਂ ਨੂੰ ਆਸ ਸੀ ਕਿ ਉਹ ਸ਼ਾਇਦ ਬਚ ਕੇ ਨਿਕਲ ਜਾਣ ਅਤੇ ਕਈ ਬਚੇ ਵੀ ਤੇ ਕਈ ਸ਼ਹੀਦ ਹੋਏ ਵੀ: ਸੁੱਖਾ ਸਿੰਘ-ਮਹਿਤਾਬ ਸਿੰਘ, ਭਗਤ ਸਿੰਘ, ਬਲਵੰਤ ਸਿੰਘ ਰਾਜੋਆਣਾ ਇਨ੍ਹਾਂ ਵਿਚ ਗਿਣੇ ਜਾ ਸਕਦੇ ਹਨ)। ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੂੰ ਪਤਾ ਸੀ ਕਿ ਬੰਬ ਚਲਾਉਣ ਕਰ ਕੇ ਉਨ੍ਹਾਂ ਨੂੰ ਵਧ ਤੋਂ ਵਧ ਸਜ਼ਾ ਉਮਰ ਕੈਦ ਹੋ ਸਕਦੀ ਹੈ (ਜਿਸ ਵਿਚ ਦਸ ਸਾਲ ਮਗਰੋਂ ਰਿਹਾਈ ਹੋ ਜਾਣੀ ਹੈ ਜਿਵੇਂ 1939 ਵਿਚ ਬਟੁਕੇਸ਼ਵਰ ਦੱਤ ਦੀ ਹੋਈ ਸੀ); ਭਗਤ ਸਿੰਘ ਨੂੰ ਫ਼ਾਂਸੀ ਸਾਂਡਰਸ ਕਤਲ ਕਾਂਡ ਵਿਚ ਹੋਈ ਸੀ ਤੇ ਉਹ ਵੀ ਉਸ ਦੇ ਪਿਸਤੌਲ ਕਾਰਨ। ਬਲਵੰਤ ਸਿੰਘ ਰਾਜੋਆਣਾ ਵੀ 31 ਅਗਸਤ ਦੇ ਕਾਂਡ ਵਿਚ ਬੇਅੰਤ ਦੇ ਕਤਲ ਅਤੇ ਦਿਲਾਵਰ ਸਿੰਘ ਦੀ ਸ਼ਹੀਦੀ ਮਗਰੋਂ ਜ਼ਿੰਦਾ ਬਚ ਗਿਆ ਸੀ। ਪਰ ਉਸ ਦੀ ਗ੍ਰਿਫ਼ਤਾਰੀ (ਉਸ ਦੇ ਆਪਣੇ ਕਹਿਣ ਮੁਤਾਬਿਕ) ਬਬਰ ਖਾਲਸਾ (ਸੁਖਦੇਵ ਸਿੰਘ – ਵਧਾਵਾ ਸਿੰਘ ਗਰੁੱਪ ਦੇ) ਰੇਸ਼ਮ ਸਿੰਘ ਜਰਮਨੀ ਤੇ ਪੁਲਸ ਕੈਟ ਰਵਿੰਦਰ ਰਵੀ ਕਾਰਨ ਹੋਈ ਸੀ। (ਰੇਸ਼ਮ ਸਿੰਘ ਤੇ ਵਧਾਵਾ ਸਿੰਘ ਨੇ ਇਸ ਦੀ ਕੋਈ ਸਫ਼ਾਈ ਪੇਸ਼ ਨਹੀਂ ਕੀਤੀ ਜਿਸ ਤੋਂ ਰਾਜੋਆਣਾ ਦਾ ਦੋਸ਼ ਸਹੀ ਸਾਬਿਤ ਹੁੰਦਾ ਹੈ; ਪਰ ਇਸ ਬਾਰੇ ਉਹੀ ਜਾਣਨ ਕਿ ਸੱਚ ਕੀ ਹੈ)।
ਖ਼ੈਰ ਮੇਰਾ ਨੁਕਤਾ ਤਾਂ ਇਹ ਸੀ ਕਿ 1929 ਵਿਚ ਦਿੱਲੀ ਵਿਚ ਅਸੈਂਬਲੀ ਵਿਚ ਬੰਬ ਸੁੱਟਣ ਵੇਲੇ ਗ੍ਰਿਫ਼ਤਾਰੀ ਮਗਰੋਂ ਭਗਤ ਸਿੰਘ ਨੇ ਸਾਂਡਰਸ ਦਾ ਕਤਲ ਕਰਨਾ ਨਹੀਂ ਸੀ ਮੰਨਿਆ ਤੇ ਸਿਰਫ਼ ਅਸੈਂਬਲੀ ਵਿਚ ਬੰਬ ਚਲਾਉਣਾ ਮੰਨਿਆ ਸੀ। ਸਾਂਡਰਸ ਕਤਲ ਵਿਚ ਜੈ ਗੋਪਾਲ ਦਾ ਵਾਅਦਾ ਮੁਆਫ਼ ਗਵਾਹ ਬਣਨਾ ਅਤੇ ਭਗਤ ਸਿੰਘ ਦਾ ਪਿਸਤੌਲ ਪੁਲਸ ਵਾਸਤੇ ਮੁਖ ਸਬੂਤ ਸਨ। ਪਰ, ਏਥੇ, ਬਲਵੰਤ ਸਿੰਘ ਰਾਜੋਆਣਾ ਨੇ ਫਵੇ ਜਾਣ ਮਗਰੋਂ ਅਦਾਲਤ ਵਿਚ ਸ਼ਰੇਆਮ ਆਪਣਾ ਕਾਰਨਾਮਾ ਕਬੂਲ ਕੀਤਾ ਸੀ; ਇਹ ਤਾਂ ਸ਼ਰੇਆਮ ਸ਼ਹੀਦੀ ਕਬੂਲਣ ਦਾ ਐਲਾਣ ਸੀ (ਉਂਞ ਤਾਂ ਉਹ ਸ਼ਾਇਦ 31 ਅਗਸਤ 1995 ਦੇ ਦਿਨ ਦਿਲਾਵਰ ਸਿੰਘ ਦੀ ਜਗਹ ਉਹ ਸ਼ਹੀਦ ਹੋ ਗਿਆ ਹੁੰਦਾ ਜੇ ਛਾਤੀ ਨਾਲ ਬੰਬ ਬੰਨ੍ਹਣ ਦੀ ਟਾੱਸ ਉਸ ਦੀ ਨਿਕਲ ਆਉਂਦੀ)।
ਬਲਵੰਤ ਸਿੰਘ ਨੇ ਨਾ ਸਫ਼ਾਈ ਪੇਸ਼ ਕੀਤੀ ਤੇ ਨਾ ਵਕੀਲ ਕੀਤਾ। ਉਸ ਨੇ ਤਾਂ ਦੂਜਿਆਂ ਨੂੰ ਵੀ ਰਹਿਮ ਦੀ ਅਪੀਲ ਕਰਨ ਤੋਂ ਵੀ ਰੋਕ ਦਿੱਤਾ ਸੀ। ਇਸ ਨੂੰ ਕਹਿੰਦੇ ਹਨ ਜਾਂਬਾਜ਼ ਹੀਰੋ। ਹੋਰਨਾਂ ਸ਼ਹੀਦਾਂ ਤੇ ਜ਼ਿੰਦਾ ਸ਼ਹੀਦਾਂ ਨੇ ਵੀ ਡੱਟ ਕੇ, ਦਲੇਰੀ ਨਾਲ, ਐਲਾਣ ਕੀਤੇ ਹਨ ਪਰ ਰਾਜੋਆਣਾ ਦੀ ਗੱਲ ‘ਕੁਝ ਹੋਰ ਹੀ ਹੈ’। ਇਹ ਗੱਲ ਵੀ ਕਾਬਲੇ-ਜ਼ਿਕਰ ਹੈ ਕਿ 9 ਸਾਲ ਪਹਿਲਾਂ ਰਾਜੋਆਣਾ ਨੇ ਤਾਂ ਦਵਿੰਦਰਪਾਲ ਸਿੰਘ ਭੁੱਲਰ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਜਾਨ ਬਖ਼ਸ਼ੀ ਵਾਸਤੇ ਮੁਆਫ਼ੀਆਂ ਨਾ ਮੰਗੇ (ਅਜੀਤ 25.2.2003)।
ਦਿਲਾਵਰ ਸਿੰਘ ਅਤੇ ਬਲਵੰਤ ਸਿੰਘ ਰਾਜੋਆਣਾ ਨੇ ਪੰਜਾਬ ਦੀ ਧਰਤੀ ‘ਤੇ ਵੀਹਵੀਂ ਸਦੀ ਦੇ ਸਭ ਤੋਂ ਵੱਡੇ ਦੋ ਜ਼ਾਲਮਾਂ (ਬੇਅੰਤ ਤੇ ਕੇ.ਪੀ. ਗਿੱਲ) ਵਿਚੋਂ ਇਕ ਨੂੰ ਮਾਰ ਕੇ ਪੰਜਾਬ ‘ਤੇ ਵਗ ਰਿਹਾ ਖ਼ੂਨ ਦਾ ਦਰਿਆ ਦਾ ਵਗਣਾ ਬੰਦ ਕਰ ਦਿੱਤਾ ਸੀ। ਤਵਾਰੀਖ਼ ਇਨ੍ਹਾਂ ਦੀ ਇਸ ਲਾਸਾਨੀ ਸੇਵਾ ਦੀ ਸ਼ਾਹਦੀ ਭਰਦੀ ਰਹੇਗੀ। ਪੰਜਾਬ ਇਨ੍ਹਾਂ ਦਾ ਅਹਿਸਾਨਮੰਦ ਹੇ ਕਿ ਇਨ੍ਹਾਂ ਨੇ ਆਪਣੀ ਜਾਨ ‘ਤੇ ਖੇਡ ਕੇ ਹਜ਼ਾਰਾਂ ਬੇਗੁਨਾਹ ਨੌਜਵਾਨਾਂ ਦਾ ਖ਼ੂਨ ਡੁਲ੍ਹਣੋਂ ਬਚਾਇਆ ਹੈ।

ਬਲਵੰਤ ਸਿੰਘ ਰਾਜੋਆਣਾ, ਪੁਜਾਰੀ ਅਤੇ ਪੰਥ:
ਬਲਵੰਤ ਸਿੰਘ ਰਾਜੋਆਣਾ ਦੀ ਇਕ ਹੋਰ ਗੱਲ ਕਮਾਲ ਹੈ ਕਿ ਉਸ ਨੇ ਉਸ ਦੇ ਨਾਂ ‘ਤੇ ਰੋਟੀਆਂ ਸੇਕਣ ਵਾਲੇ ਅਖੌਤੀ ਸੰਤਾਂ ਨੂੰ ਨਕਾਰ ਦਿੱਤਾ ਸੀ ਤੇ ਮੁਲਾਕਾਤ ਕਰਨ ਤਕ ਤੋਂ ਨਾਂਹ ਕਰ ਦਿੱਤੀ ਸੀ। ਫਿਰ ਉਸ ਨੇ ਜਦ ਵੇਖਿਆ ਕਿ ਪੁਜਾਰੀ ਬਾਦਲ ਨੂੰ ਬਚਾਉਣ ਵਾਸਤੇ ਅਤੇ ਆਪਣਾ ਨੱਕ ਰੱਖਣ ਵਾਸਤੇ ਉਸ ਨੂੰ ਅਖੌਤੀ ਹੁਕਨਾਮਾ ਜਾਰੀ ਕਰ ਕੇ ਸਜ਼ਾ ਮੁਆਫ਼ੀ ਦੀ ਅਪੀਲ ਕਰਨ ਵਾਸਤੇ ਕਹਿ ਦੇਣਗੇ ਤਾਂ ਉਸ ਨੇ ਵਾਰਨਿੰਗ ਦੇ ਕੇ ਪੁਜਾਰੀਆਂ ਨੂੰ ਇਹ ਤਵਾਰੀਖ਼ੀ ਗ਼ਲਤੀ ਕਰਨ ਤੋਂ ਰੋਕ ਦਿੱਤਾ ਸੀ। ਉਂਞ ਪੁਜਾਰੀਆਂ ਨੇ 23 ਮਾਰਚ ਨੂੰ ਡਰਾਮਾ ਕਰ ਕੇ ਬਾਦਲ ਤੇ ਮੱਕੜ ਨੂੰ ਹਦਾਇਤ ਦਿੱਤੀ ਕਿ ਉਹ ਰਾਸ਼ਟਰਪਤੀ ਨੂੰ ਮਿਲ ਕੇ ਇਹ ਸਜ਼ਾ ਰੁਕਵਾਉਣ ਵਾਸਤੇ ਕਹਿਣ। ਪੁਜਾਰੀਆਂ ਦਾ ਮਤਲਬ ਸੀ ਕਿ ਬਾਦਲ ਦੇ ਗਲੋਂ ਲਾਹ ਕੇ ਗੱਲ ਸੈਂਟਰ ਦੇ ਜ਼ਿੰਮੇ ਪਾ ਦਿੱਤੀ ਜਾਵੇ ਤੇ ਅਸੈਂਬਲੀ ਵਿਚ ਮਤਾ ਪਾਸ ਨਾ ਕਰਨਾ ਪਵੇ। ਪਰ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਵੱਲੋਂ ਗੁਰਿੰਦਰਪਾਲ ਸਿੰਘ ਧਨੌਲਾ ਨੇ ਪੁਜਾਰੀਆਂ ਦਾ ਫੇਸਲਾ ਰੱਦ ਕਰ ਕੇ ਐਲਾਣ ਕਰ ਦਿੱਤਾ ਕਿ (1) 28 ਨੂੰ ਪੰਜਾਬ ਬੰਦ (2) 29 ਨੂੰ 3 ਮਾਰਚ ਅਮਮ੍ਰਿਤਸਰ, ਅਨੰਦਪੁਰ ਅਤੇ ਤਲਵੰਡੀ ਸਾਬੋ ਤੋਂ ਪਟਿਆਲਾ ਖਾਲਸਾ ਮਾਰਚ (3) 30 ਤੇ 31 ਨੂੰ ਪਟਿਆਲਾ ਜੇਲ੍ਹ ਦੇ ਬਾਹਰ ਧਰਨਾ ਮਾਰਿਆ ਜਾਵੇ ਤੇ ਇਸ ਮਗਰੋਂ ਅਗਲਾ ਪ੍ਰੋਗਰਾਮ ਫ਼ਾਂਸੀ ਮਿਲਣ ਜਾਂ ਨਾ ਮਿਲਣ ‘ਤੇ ਮੁਨੱਸਰ ਹੋਵੇਗਾ।
ਪੁਜਾਰੀਆਂ ਬਾਰੇ ਮੈਨੂੰ ਤਾਂ ਕਦੇ ਭਰਮ ਨਹੀਂ ਰਿਹਾ; ਇਹ ਤਾਂ ਬਾਦਲ ਦੇ ਝਾੜੂ ਬਰਦਾਰ ਹਨ; ਮੈਂ ਇਸੇ ਕਰ ਕੇ ਇਨ੍ਹਾ ਦਾ ਨਾਂ ‘ਧਾਰਮਿਕ ਵੇਸਵਾਵਾਂ’ ਰੱਖਿਆ ਹੈ। ਸਿੱਖੀ ਵਿਚ ਅਕਾਲ ਤਖ਼ਤ ਸਾਹਿਬ ਦਾ ਅਖੌਤੀ ਜਥੇਦਾਰ ਕੋਈ ਅਹੁਦਾ ਨਹੀਂ ਹੈ; ਇਹ ਤਾਂ ਧੱਕੇ ਨਾਲ ਕਾਇਮ ਕੀਤਾ ਹੋਇਆ ਨਾਜਾਇਜ਼ ਅਹੁਦਾ ਹੈ ਤੇ ਇਸ ਨੇ ‘ਪੁਜਾਰੀ ਮਾਫ਼ੀਆ’ ਨੂੰ ਜਨਮ ਦਿੱਤਾ ਹੈ। ਰਾਜੋਆਣਾ ਨੂਮ ਅਕਾਲ ਤਖ਼ਤ ਦੇ ਫ਼ਲਸਫ਼ੇ ਦਾ ਅਜੇ ਪਤਾ ਨਹੀਂ, ਇਸੇ ਕਰ ਕੇ ਉਹ ਅਖੌਤੀ ਜਥੇਦਾਰ ਦਾ ਅਹੁਦਾ ਮੰਨਦਾ ਹੋਇਆ ਇਨ੍ਹਾਂ ਠੱਗਾਂ ਨੂੰ ਰਾਹਬਰ ਮੰਨਦਾ ਰਿਹਾ ਹੈ। ਪਰ ਹੁਣ ਉਸ ਨੂੰ ਪਤਾ ਲਗ ਗਿਆ ਹੋਵੇਗਾ ਕਿ ਇਹ ‘ਬਾਨਾਰਸ ਦੇ ਠੱਗ’ ਸਿੱਖ ਪੰਥ ਦੇ ਨੁਮਾਇੰਦੇ ਨਹੀਨ ਬਲਕਿ ਸ਼ਰੋਮਣੀ ਕਮੇਟੀ ਦੇ ਸਿਰਫ਼ ਨੌਕਰ ਹਨ ਜਿਨ੍ਹਾਂ ਨੂਮ ਅਖੌਤੀ ‘ਜਥੇਦਾਰ’ ਬਣਾ ਕੇ ਸਿੱਖਾਂ ਨੂੰ ਬੇਵਕੂਫ਼ ਬਣਾ ਕੇ ਦਬਕੇ ਮਾਰਨ ਤੇ ਡਰਾਉਣ ਦੀ ਡਿਊਟੀ ਲਈ ਜਾ ਰਹੀ ਹੈ।
ਬਲਵੰਤ ਸਿੰਘ ਰਾਜੋਆਣਾ ਨੇ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਵਾਂਙ ਸਿੱਖੀ ਅਣਖ ਦਿਖਾਈ ਹੈ ਤੇ ਮੁਆਫ਼ੀ ਨਹੀਂ ਮੰਗੀ। ਉਸ ਨੇ ਐਲਾਣੀਆ ਕਿਹਾ ਹੈ ਕਿ ਉਸ ਦਾ ਕਾਰਨਾਮਾ ਇਕ ਜ਼ਾਲਮ ਨੂੰ ਖ਼ਤਮ ਕਰਨ ਦਾ ਸੀ ਤੇ ਉਸ ਨੇ ਇਨਸਾਫ਼ ਖੋਹਿਆ ਹੈ। ਅਜਿਹੇ ਬਹਾਦਰ ਸ਼ਖ਼ਸ ਵਾਸਤੇ ਸਜ਼ਾ ਮੁਆਫ਼ੀ ਦੀ ਮੰਗ ਕਰਨਾ ਉਸ ਦੀ ਬੇਇਜ਼ਤੀ ਕਰਨਾ ਹੈ। ਉਹ ਬੇਅੰਤ ਸਿੰਘ, ਸਤਵੰਤ ਸਿੰਘ, ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿਂਘ ਸੁੱਖਾ, ਦਿਲਾਵਰ ਸਿੰਘ ਵਾਂਗ ਉਹ ਲੋਕ ਨਾਇਕ ਬਣ ਗਿਆ ਹੈ। ਲੋਕਾਂ ਨੇ ਏਨਾ ਤਾਂ ਭਗਤ ਸਿੰਘ ਨੂੰ ਕਬੂਲ ਨਹੀਂ ਸੀ ਕੀਤਾ ਜਿੰਨਾ ਉਸ ਨੂੰ ਕੀਤਾ ਹੈ। ਚੇਤੇ ਰਹੇ ਕਿ ਭਗਤ ਸਿੰਘ ਦੀ ਸ਼ਹੀਦੀ ‘ਤੇ ਪੰਜਾਬ ਵਿਚ ਕੋਈ ਹਿਲਜੁਲ ਨਹੀਂ ਹੋਈ ਸੀ ਪਰ ਰਾਜੋਆਣਾ ਦੀ ਸ਼ਹੀਦੀ ਤੋਂ ਪਹਿਲਾਂ ਹੀ ਸਾਰੇ ਪੰਜਾਬ ਵਿਚ, ਸਾਰੇ ਭਾਰਤ ਵਿਚ, ਦੁਨੀਆਂ ਦੇ ਹਰ ਦੇਸ਼ ਵਿਚ ਜਲਸੇ, ਜਲੂਸ, ਮੁਜ਼ਾਹਰੇ, ਰੋਸ ਮੀਟਿੰਗਾਂ, ਅਰਦਾਸਾਂ, ਦੀਵਾਨ ਹੋਏ ਹਨ। ਏਨੀ ਇਕਸੁਰਤਾ ਸਿੱਖ ਤਵਾਰੀਖ਼ ਵਿਚ ਪਹਿਲੀ ਵਾਰ ਵੇਖਣ ਨੂੰ ਮਿਲੀ ਹੈ।
ਇਹ ਇਕ ਤਰ੍ਹਾਂ ਨਾਲ ਖਾਲਿਸਤਾਨ ਲਹਿਰ ਦੀ ਮੁੜ ਸੁਰਜੀਤੀ ਹੈ। ਇਹ ਅਹਿਮ ਗੱਲ ਹੈ ਕਿ ਖਾਲਿਸਤਾਨ ਲਹਿਰ ਜੋ ਘਟੋ ਘਟ ਪੰਜਾਬ ਵਿਚ ਤਾਂ ਤਕਰੀਬਨ ਖ਼ਤਮ ਹੋ ਚੁਕੀ ਸੀ, ਨੂੰ ਪਹਿਲਾਂ ਭਿੰਡਰਾਂਵਾਲਾ ਦੀ ਤਸਵੀਰ ਅਤੇ ਉਸ ਦੇ ਸਟਿੱਕਰਾਂ ਬਾਰੇ ਰੌਲਾ ਪਾ ਕੇ ਤੇ ਮਨਵਿੰਦਰ ਸਿੰਘ ਗਿਆਸਪੁਰਾ ‘ਤੇ ਕੇਸ ਦਰਜ ਕਰ ਕੇ ਜ਼ਿੰਦਾ ਕਰ ਦਿਤਾ ਗਿਆ ਅਤੇ ਹੁਣ ਰਾਜੋਆਣਾ ਦੀ ਸ਼ਹੀਦੀ ਦੀ ਤਾਰੀਖ਼ ਮਿੱਥ ਕੇ ਲੱਖਾਂ ਸਿੱਖਾਂ ਨੂੰ ਫਿਰ ਖਾਲਿਸਤਾਨੀ ਸਿੱਖ ਬਣਾ ਦਿੱਤਾ ਹੈ। ਜਦ ਪੰਜਾਬ ਅਸੈਂਬਲੀ ਦੀਆਂ 2012 ਦੀਆਂ ਚੋਣਾਂ ਦੇ ਨਤੀਜੇ ਆਏ ਤਾਂ ਅਕਾਲੀ ਦਲ ਅਮਮ੍ਰਿਤਸਰ ਦੇ ਉਮੀਦਵਾਰਾਂ ਨੂੰ ਸਾਰੇ ਪੰਜਾਬ ਵਿਚ ਸਿਰਫ਼ 45-50 ਹਜ਼ਾਰ ਵੋਟਾਂ ਮਿਲੀਆਂ। ਪਰ ਮੈਂ ਇਸ ‘ਤੇ ਇਹ ਵੀ ਮਹਿਸੂਸ ਕੀਤਾ ਕਿ ਇਸ ਦਾ ਮਤਲਬ ਇਹ ਹੈ ਕਿ ਅੱਜ ਵੀ ਪੰਜਾਬ ਵਿਚ 50000 ਸਿੱਖ ਖਾਲਿਸਤਾਨ ਦੇ ਕਾਰਕੁੰਨ ਹਨ ਜਿਨ੍ਹਾਂ ਨੇ ਖਾਲਿਸਤਾਨ ਦੇ ਨਾਅਰੇ ਨੂੰ ਵੋਟ ਪਾਈ ਸੀ। ਪਰ ਹੁਣ ਰਾਜੋਆਣਾ ਦੇ ਮਸਲੇ ‘ਤੇ ਜੋ ਹਿਮਾਇਤ ਪੰਥ ਨੇ ਤੇ ਖ਼ਾਸ ਕਰ ਕੇ ਨੌਜਵਾਨਾਂ ਨੇ ਦਿੱਤੀ ਹੈ ਉਸ ਨੇ ਖਾਲਿਸਤਾਨੀਆਂ ਦੀ ਗਿਣਤੀ ਲੱਖਾਂ ਵਿਚ ਲੈ ਆਦੀ ਹੈ ਤੇ ਇਹ ਉਹੋ ਜਿਹਾ ਮਾਹੌਲ ਬਣ ਗਿਆ ਹੈ ਜਿਹੋ ਜਿਹਾ ਭਿੰਡਰਾਂਵਾਲਿਆਂ ਦੀ ਚੜ੍ਹਤ ਦੇ ਦਿਨਾਂ ਵਿਚ ਸੀ।
ਇਹ ਸਾਰਾ ਕੁਝ ਵੇਖ ਕੇ ਭਾਰਤ ਸਰਕਾਰ ਨੂੰ ਅੱਖਾਂ ਖੋਲ੍ਹਣ ਦੀ ਲੋੜ ਹੈ। ਜੇ ਸਰਕਾਰ ਪੰਜਾਬ ਦੇ ਮਾਹੌਲ ਨੂੰ ਸਹੀ ਰੱਖਣਾ ਚਾਹੰਦੀ ਹੈ ਤਾਂ ਇਸ ਨੂੰ ਚਾਹੀਦਾ ਹੈ ਕਿ ਉਹ ਦੀਵਾਰ ‘ਤੇ ਲਿਖੇ ਹਰਫ਼ ਪੜ੍ਹੇ ਅਤੇ ਰਾਜੋਆਣਾ, ਦਵਿੰਦਰਪਾਲ ਸਿੰਘ ਭੁੱਲਰ ਹੀ ਨਹੀਂ ਬਾਕੀ ਸਾਰੇ ਕੈਦ ਕੀਤੇ ਸਿੱਖਾਂ ਨੂੰ ਵੀ ਰਿਹਾ ਕਰ ਦੇਵੇ। ‘ਭੁੱਲੋ ਅਤੇ ਮੁਆਫ਼ ਕਰੋ’ (Forget and Forgive) ਦੇ ਸਿਧਾਂਤ ਮੁਤਾਬਿਕ ਜਨਰਲ ਐਮਨੈਸਟੀ (ਮੁਆਫ਼ੀ) ਦਾ ਐਲਾਣ ਕਰੇ। ਸਾਰੇ ਦੇ ਸਾਰੇ ਮੁਕਦਮੇ ਵਾਪਿਸ ਲਵੇ। ਬਲੈਕ ਲਿਸਟਾਂ ਸਚ ਮੁਚ ਖ਼ਤਮ ਕਰੇ। ਪਾਕਿਸਤਾਨ ਵਿਚੋਂ ਗਜਿੰਦਰ ਸਿੰਘ ਤੇ ਦੂਜੇ ਦੇਸ਼ਾਂ ਵਿਚੋਂ ਹੋਰਾਂ ਸਿੱਖਾਂ ਦੇ ਮਾਣ ਅਤੇ ਸ਼ਾਨ ਨਾਲ ਪੰਜਾਬ ਪਰਤਣ ਦਾ ਇੰਤਜ਼ਾਮ ਕਰੇ। ਨਹੀਂ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਕਿ ਭਲਕ ਨੂੰ ਪੰਜਾਬ ਦਾ ਨਕਸ਼ਾ ਕੀ ਹੋਵੇਗਾ। ਜੇ ਹੁਣ ਕੋਈ ਲਹਿਰ ਚਲ ਪਈ ਤਾਂ ਉਸ ‘ਤੇ ਕਾਬੂ ਪਾਉਣਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਵੀ ਹੋ ਸਕਦਾ ਹੈ ਕਿਉਂ ਕਿ ਖਾੜਕੂ ਵੀ ਆਪਣੀਆਂ ਪਹਿਲੀਆਂ ਭੁੱਲਾਂ ਜਾਣ ਚੁਕੇ ਹਨ ਤੇ ਹੁਣ ਉਹ ਆਪਣੀਆਂ ਗ਼ਲਤੀਆਂ ਨੂੰ ਦੁਹਰਾ ਕੇ ਨੁਕਸਾਨ ਨਹੀਂ ਉਠਾਉਣਗੇ। ਸੋ, ਅਜੇ ਵੇਲਾ ਹੈ; ਭਾਰਤ ਸਰਕਾਰ ਨੂੰ ਸਮੇਂ ਸਿਰ ਹੀ ਸਮਝ ਲੈਣਾ ਚਾਹੀਦਾ ਹੈ। ਸਪੋਕਸਮੈਨ ਦਾ ਐਡੀਟਰ ਵੀ ਇਸ ਬਾਰੇ ਪਹਿਲਾਂ ਹੀ ਸਮਝਾ ਚੁਕਾ ਹੈ।
ਡਾ. ਹਰਜਿੰਦਰ ਸਿੰਘ ਦਿਲਗੀਰ

hsdilgeer@yahoo.com  (44) 797 560 8632

No comments:

Post a Comment